ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਮਹਾਚਕਰਵਾਤੀ ਤੂਫਾਨ ‘ਅਮਫਾਨ’ ਨੇ ਪੱਛਮੀ ਬੰਗਾਲ ਅਤੇ ਉੜੀਸਾ ਵਿਚ ਭਾਰੀ ਤਬਾਹੀ ਮਚਾਈ ਹੈ। 185 ਤੋਂ 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਏ ਇਸ ਤੂਫਾਨ ਨੇ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ। ਉੱਥੇ ਹੀ ਅੱਜ ਵੀਰਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਵਿਚ ਹੁਣ ਤੱਕ ਅਮਫਾਨ ਕਾਰਨ 72 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚੱਕਰਵਾਤੀ ਤੂਫਾਨ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕਰਨ ਦੀ ਅਪੀਲ ਕੀਤੀ ਹੈ।

ਸੀਐਮ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਚੱਕਰਵਾਤੀ ਤੂਫਾਨ ਵਿਚ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਦੇ ਰੂਪ ਵਿਚ 2-2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਮਮਤਾ ਨੇ ਦੱਸਿਆ ਕਿ ”ਸੂਬੇ ਵਿਚ ਹਾਲਾਤ ਅਜੇ ਵੀ ਠੀਕ ਨਹੀਂ ਹਨ। ਮੈ ਅਜਿਹੀ ਤਬਾਹੀ ਕਦੇ ਵੀ ਨਹੀਂ ਦੇਖੀ ਹੈ। ਮੈ ਪੀਐਮ ਮੋਦੀ ਨੂੰ ਅਪੀਲ ਕਰਦੀ ਹਾਂ ਕਿ ਉਹ ਇੱਥੇ ਦਾ ਦੌਰਾ ਕਰਨ, ਮੈ ਵੀ ਹਵਾਈ ਸਰਵੇਖਣ ਕਰਾਂਗੀ ਪਰ ਅਜੇ ਹਾਲਾਤ ਠੀਕ ਹੋਣ ਦਾ ਇੰਤਜ਼ਾਰ ਹੈ”। ਮਮਤਾ ਬੈਨਰਜੀ ਅਨੁਸਾਰ ਅਮਫਾਨ ਤੂਫਾਨ ਕਰਕੇ ਕੱਲਕਤਾ ਵਿਚ 15, ਹਾਵੜਾ ਵਿਚ 7, ਨਾਰਥ ਵਿਚ 24, ਪਰਗਨਾ ਵਿਚ 17, ਈਸਟਰ ਮਿਦਨਾਪੁਰ ਵਿਚ 6, ਸਾਊਥ ਵਿਚ 24, ਪਰਗਨਾ ਵਿਚ 18, ਨਾਦੀਆ ਵਿਚ 6 ਅਤੇ ਹੁਗਲੀ ਵਿਚ 2 ਲੋਕਾਂ ਦੀ ਮੌਤ ਹੋਈ ਹੈ। ਅਮਫਾਨ ਕਾਰਨ ਹੋਈ ਭਾਰੀ ਤਬਾਹੀ ਕਰਕੇ ਕੱਲਕਤਾ ਅਤੇ ਬਾਕੀ ਜਿਲ੍ਹਿਆ ਦੇ ਵੱਡੇ ਹਿੱਸਿਆਂ ਵਿਚ ਖੰਬੇ ਉੱਖੜ ਗਏ ਹਨ ਤੇ ਬਿਜਲੀ ਗੁੱਲ ਹੈ। ਉੱਥੇ ਹੀ ਕਈ ਸੰਚਾਰ ਟਾਵਰਾਂ ਨੂੰ ਵੀ ਨੁਕਸਾਨ ਪਹੁੰਚਿਆਂ ਹੈ ਜਿਸ ਦੇ ਕਾਰਨ ਮੋਬਾਇਲ ਤੇ ਇੰਟਰਨੈਟ ਸੇਵਾਵਾਂ ਬੰਦ ਪਈਆਂ ਹਨ। ਇਸ ਤੋਂ ਇਲਾਵਾ ਉੜੀਸਾ ਦੇ ਕੁਦਰਪਾੜਾ, ਬਾਲਾਸੋਰ ,ਜਾਜਪੁਰ, ਗੰਜਮ ਅਤੇ ਭਦਰਕ ਜਿਲ੍ਹੇ ਵਿਚ ਵੀ ਅਮਫਾਨ ਤੂਫਾਨ ਨੇ ਤਬਾਹੀ ਮਚਾਈ ਹੈ। ਇੱਥੇ ਵੀ ਬਾਰਿਸ਼ ਕਰਕੇ ਸੜਕਾਂ ‘ਤੇ ਪਾਣੀ ਭਰ ਗਿਆ ਹੈ ਅਤੇ ਤੇਜ਼ ਹਵਾਵਾਂ ਕਾਰਨ ਦਰਖਤ ਤਾਸ਼ ਦੇ ਪੱਤਿਆਂ ਦੀ ਤਰ੍ਹਾ ਸੜਕਾਂ ਉੱਤੇ ਖਿੰਡੇ ਪਏ ਹਨ, ਬਿਜਲੀ ਦੇ ਖੰਬੇ ਵੀ ਉਖੜ ਚੁੱਕੇ ਹਨ ਨਾਲ ਹੀ ਲੋਕਾਂ ਦੇ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆਂ ਹੈ।

LEAVE A REPLY