ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪੰਜਾਬ ਸਰਕਾਰ ਨੇ ਸੂਬੇ ਵਿਚ ਪਹਿਲਾਂ ਹੀ ਕਰਫਿਊ ਲਗਾਇਆ ਹੋਇਆ ਹੈ ਅਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ ਪਰ ਫਰੀਦਕੋਟ ਜਿਲ੍ਹੇ ਦੇ ਕੁੱਝ ਪਿੰਡ ਅਜਿਹੇ ਵੀ ਹਨ ਜਿੱਥੋਂ ਦੇ ਲੋਕਾਂ ਨੇ ਕੋਰੋਨਾ ਦੇ ਖਤਰੇ ਨੂੰ ਭਾਂਪਦੇ ਹੋਏ ਇੱਕ ਵੱਡਾ ਕਦਮ ਚੁੱਕਦਿਆਂ ਪਿੰਡ ਦੇ ਐਂਟਰੀ ਪੁਵਾਇੰਟ ਉੱਤੇ ਨਾਕਾ ਲਗਾ ਦਿੱਤਾ ਹੈ ਅਤੇ ਕਿਸੇ ਵੀ ਬਾਹਰੀ ਦੇ ਪਿੰਡ ਵਿਚ ਆਉਣ-ਜਾਣ ਉੱਤੇ ਰੌਕ ਲਗਾ ਦਿੱਤੀ ਹੈ।

ਫਰੀਦਕੋਟ ਜਿਲ੍ਹੇ ਦੇ ਪਿੰਡਾਂ ਦੇ ਇਹ ਲੋਕ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਤਰ੍ਹਾ ਜਾਗਰੂਕ ਨਜ਼ਰ ਆ ਰਹੇ ਹਨ। ਪਿੰਡ ਵਾਸੀਆਂ ਨੇ ਪਿੰਡ ਵਿਚ ਦਾਖਲ ਹੋਣ ਵਾਲੇ ਰਸਤਿਆਂ ਉੱਤੇ ਦਿਨ-ਰਾਤ ਪੱਕਾ ਨਾਕਾ ਲਗਾਇਆ ਹੋਇਆ ਹੈ ਅਤੇ ਬਿਨਾਂ ਕਿਸੇ ਕੰਮ ਤੋਂ ਦੂਜੇ ਪਿੰਡ ਦੇ ਲੋਕਾਂ ਦੇ ਆਉਣ ਉੱਤੇ ਪਾਬੰਦੀ ਲਗਾਈ ਹੋਈ ਹੈ। ਜੇਕਰ ਪਿੰਡ ਦਾ ਕੋਈ ਵਿਅਕਤੀ ਵੀ ਬਾਹਰ ਤੋਂ ਆ ਕੇ ਵਾਪਸ ਪਿੰਡ ਵਿਚ ਦਾਖਲ ਹੁੰਦਾ ਹੈ ਤਾਂ ਉਸ ਨੂੰ ਅਤੇ ਉਸ ਦੇ ਵਾਹਨ ਨੂੰ ਪਹਿਲਾਂ ਪੂਰੀ ਤਰ੍ਹਾ ਸੈਨਾਟਾਈਜ਼ ਕੀਤਾ ਜਾਂਦਾ ਹੈ ਅਤੇ ਫਿਰ ਪਿੰਡ ਵਿਚ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ। ਪਿੰਡ ਦੇ ਲੋਕ ਖੁਦ ਵੀ ਇਕ-ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖ ਰਹੇ ਹਨ ਤਾਂ ਜੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਉੱਥੇ ਹੀ ਅੱਜ ਕੋਟਕਪੂਰਾ ਦੇ ਡੀਐਸਪੀ ਬਲਕਾਰ ਸਿੰਘ ਸੰਧੂ ਦੁਆਰਾ ਪਿੰਡ ਵਾਸੀਆਂ ਵੱਲੋਂ ਕੀਤੀ ਜਾ ਰਹੀ ਇਸ ਪਹਿਲ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਨਾਲ ਹੀ ਉਨ੍ਹਾਂ ਨੇ ਦੂਜੇ ਪਿੰਡ ਦੇ ਲੋਕਾਂ ਨੂੰ ਇਸੇ ਤਰ੍ਹਾ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਜੋ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਬਚਿਆ ਜਾ ਸਕੇ।

LEAVE A REPLY