ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਂਦਰੀ ਜਲ ਉਰਜਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਬੁੱਧਵਾਰ ਨੂੰ ਸ਼ਾਹਪੁਰਕੰਡੀ ਬੈਰਾਜ ਡੈਮ ਵਿਖੇ ਪਹੁੰਚੇ। ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਬੈਰਾਜ ਡੈਮ ਦੇ ਅਧਿਕਾਰੀਆਂ, ਜੰਮੂ-ਕਸ਼ਮੀਰ ਦੇ ਅਧਿਕਾਰੀਆਂ ਅਤੇ ਕੇਂਦਰੀ ਜਲ ਕਮਿਸ਼ਨ ਦੇ ਅਧਿਕਾਰੀਆਂ ਨੇ ਡੈਮ ਪ੍ਰਾਜੈਕਟ ‘ਤੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਇਸ ਰਾਸ਼ਟਰੀ ਪ੍ਰਾਜੈਕਟ ਨੂੰ ਛੇਤੀ ਪੂਰਾ ਕਰਨ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ, ਕੇਂਦਰੀ ਮੰਤਰੀ ਨੇ ਉੱਥੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ, ਜੰਮੂ-ਕਸ਼ਮੀਰ ਵਿੱਚ ਉਜ ਨਦੀ ਦਾ ਪਾਣੀ ਪਾਕਿਸਤਾਨ ਦਾਖਿਲ ਨਾ ਹੋਵੇ। ਇਸ ਯੋਜਨਾ ‘ਤੇ ਕੰਮ ਵੀ ਜਾਰੀ ਹੈ।
ਉਨ੍ਹਾਂ ਸਿੰਜਾਈ ਸਕੱਤਰ ਕਰਨੇਸ਼ ਸ਼ਰਮਾ, ਚੀਫ ਇੰਜੀਨੀਅਰ ਐਸ ਕੇ ਸਲੂਜਾ, ਐਸਈ ਹੈਡਕੁਆਰਟਰ ਨਰੇਸ਼ ਮਹਾਜਨ, ਕੇਂਦਰੀ ਜਲ ਕਮਿਸ਼ਨ ਕਮਿਸ਼ਨਰ ਕੇ ਕੇ ਬੋਹਰਾ, ਸਹਿ-ਨਿਰਦੇਸ਼ਕ ਐਸ ਕੇ ਸ਼ਰਮਾ, ਸਿੰਚਾਈ ਵਿਭਾਗ ਦੇ ਕਮਿਸ਼ਨਰ ਅਜੀਤ ਕੁਮਾਰ ਸਾਹੂ ਅਤੇ ਜੰਮੂ-ਕਸ਼ਮੀਰ ਸਰਕਾਰ ਦੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਨਿਰਮਾਣ ਕਾਰਜਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਆਦੇਸ਼ ਜਾਰੀ ਕੀਤੇ।
ਸ਼ੇਖਾਵਤ ਨੇ ਕਿਹਾ ਕਿ, ਡੈਮ ਦਾ ਕੰਮ ਫਰਵਰੀ 2022 ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ, ਇਸ ਡੈਮ ਤੋਂ ਪਾਣੀ ਦਾ ਕੁਝ ਹਿੱਸਾ ਸਰਹੱਦੀ ਖੇਤਰਾਂ ਵਿੱਚ ਭੇਜ ਕੇ ਸਰਹੱਦ ਦੇ ਨਾਲ ਲੱਗਦੇ 100 ਦੇ ਕਰੀਬ ਪਿੰਡਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਦੀ ਯੋਜਨਾ ਹੈ। ਕੇਂਦਰ ਸਰਕਾਰ ਇਸ ਪ੍ਰਾਜੈਕਟ ‘ਤੇ 86 ਪ੍ਰਤੀਸ਼ਤ ਫੰਡ ਮੁਹੱਈਆ ਕਰਵਾਏਗੀ। ਇਸ ਡੈਮ ਦੇ ਨਿਰਮਾਣ ਨਾਲ ਜੰਮੂ-ਕਸ਼ਮੀਰ ਨੂੰ ਸਭ ਤੋਂ ਜ਼ਿਆਦਾ ਲਾਭ ਮਿਲੇਗਾ, ਫਿਰ ਵੀ ਕੇਂਦਰ ਸਰਕਾਰ ਜੰਮੂ-ਕਸ਼ਮੀਰ ਦੇ ਹਿੱਸੇ ਵਜੋਂ ਫੰਡ ਵੀ ਦੇਵੇਗੀ।
ਉਨ੍ਹਾਂ ਦੱਸਿਆ ਕਿ, ਇਸ ਡੈਮ ਯੋਜਨਾ ਦੇ ਸਿੰਜਾਈ ਕੰਪੋਨੇਂਟ ਲਈ 726 ਕਰੋੜ ਦੇ ਖਰਚ ਦਾ ਅੰਦਾਜਾ ਲਗਾਇਆ ਗਿਆ ਹੈ, ਜਿਸ ਲਈ ਕੇਂਦਰ ਸਰਕਾਰ ਨੇ 135 ਕਰੋੜ ਏਆਈਵੀਪੀ ਪ੍ਰੋਗਰਾਮ ਤਹਿਤ ਬੈਰਾਜ ਡੈਮ ਬਣਾਉਣ ਲਈ ਜਾਰੀ ਕੀਤੇ ਹੈ। ਬਾਕੀ 14 ਪ੍ਰਤੀਸ਼ਤ ਹਿੱਸਾ ਪੰਜਾਬ ਸਰਕਾਰ ਦੇਵੇਗੀ। ਉਨ੍ਹਾਂ ਦੱਸਿਆ ਕਿ, ਅਟਲ ਜਲ ਯੋਜਨਾ ਤਹਿਤ ਛੇ ਹਜ਼ਾਰ ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਜਿਸ ਕਾਰਨ ਡਿੱਗ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਈ ਪ੍ਰਾਜੈਕਟਾਂ ‘ਤੇ ਕੰਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ, ਇਸ ਨਾਲ ਜੰਮੂ-ਕਸ਼ਮੀਰ ਰਾਜ ‘ਚ ਉਜ ਨਦੀ ਦੇ ਪਾਣੀ ਦੀ ਇਕ ਬੂੰਦ ਵੀ ਪਾਕਿਸਤਾਨ ਨਹੀਂ ਪਹੁੰਚ ਸਕਦੀ, ਇਸ ਦੇ ਲਈ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਇਸ ਪ੍ਰਾਜੈਕਟ ਨੂੰ ਛੇਤੀ ਪੂਰਾ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ।