ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੱਤ ਸਮੁੰਦਰ ਪਾਰ ਜਾ ਕੇ ਬੇਦੋਸ਼ੇ ਪੰਜਾਬੀਆਂ ਦੀ ਮੌਤ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਅੱਜ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਵੱਡੇ ਆਗੂਆਂ ਨੇ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ ਹੈ। ਸ਼ਹੀਦ ਊਧਮ ਸਿੰਘ ਦਾ ਨਾਂ ਭਾਰਤ ਦੇ ਚੋਟੀ ਦੇ ਰਾਸ਼ਟਰੀ ਸ਼ਹੀਦਾਂ ਵਿੱਚ ਸ਼ੁਮਾਰ ਹੈ। ਉਨ੍ਹਾਂ ਦੀ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਣੀ ਰਹੇਗੀ।

ਸ਼ਹੀਦ ਊਧਮ ਸਿੰਘ ਦਾ ਜਨਮ ਸ. ਟਹਿਲ ਸਿੰਘ ਕੰਬੋਜ ਦੇ ਧਰਮ ਪਤਨੀ ਮਾਤਾ ਨਰੈਣ ਕੌਰ ਦੀ ਕੁੱਖੋਂ 26 ਦਸੰਬਰ 1899 ਨੂੰ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ ਹੋਇਆ ਸੀ। ਛੋਟੀ ਉਮਰ ਵਿਚ ਹੀ ਉਨ੍ਹਾਂ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉਠ ਗਿਆ। ਊਧਮ ਸਿੰਘ ਦਾ ਪਾਲਣ ਪੋਸ਼ਣ ਅੰਮ੍ਰਿਤਸਰ ਦੇ ਸੈਂਟਰਲ ਖ਼ਾਲਸਾ ਯਤੀਮਖ਼ਾਨੇ ਨੇ ਕੀਤਾ। ਊਧਮ ਸਿੰਘ ਦੇ ਜੀਵਨ ਵਿਚ ਵੱਡਾ ਮੋੜ ਉਦੋਂ ਆਇਆ ਜਦੋਂ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ਼ ਦਾ ਖ਼ੂਨੀ ਸਾਕਾ ਵਾਪਰਿਆ। ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ਼ ਵਿਚ ਬੇਦੋਸ਼ੇ ਭਾਰਤੀਆਂ ਦੀਆਂ ਲਾਸ਼ਾਂ ਦੇ ਲੱਗੇ ਹੋਏ ਢੇਰ ਅਤੇ ਜ਼ਖ਼ਮੀਆਂ ਦੀ ਕੁਰਲਾਹਟ ਨੂੰ ਅੱਖੀਂ ਵੇਖਿਆ। ਇਸ ਭਿਆਨਕ ਦ੍ਰਿਸ਼ ਦਾ ਉਸ ਦੇ ਮਨ ਉਤੇ ਡੂੰਘਾ ਅਸਰ ਪਿਆ ਅਤੇ ਊਧਮ ਸਿੰਘ ਨੇ ਠਾਣ ਲਿਆ ਕਿ ਉਹ ਹਜ਼ਾਰਾਂ ਹੀ ਬੇਕਸੂਰ ਪੰਜਾਬੀਆਂ ਦੀ ਮੌਤ ਦੇ ਜ਼ਿੰਮੇਵਾਰ ਮਾਈਕਲ ਉਡਵਾਇਰ ਤੋਂ ਬਦਲਾ ਜਰੂਰ ਲੈਵੇਗਾ। 30 ਮਈ 1919 ਨੂੰ ਉਡਵਾਇਰ ਇੰਗਲੈਂਡ ਵਾਪਸ ਪਰਤ ਗਿਆ ਅਤੇ ਉਥੇ ਇਸ ਜਾਲਮ ਕਰਤੂਤ ਨੂੰ ਵੱਡੀ ਬਹਾਦਰੀ ਦਾ ਕਾਰਨਾਮਾ ਦੱਸ ਕੇ ਵਡਿਆਈਆਂ ਹਾਸਲ ਕਰਨ ਲੱਗਿਆ। ਉੱਥੇ ਹੀ ਊਧਮ ਸਿੰਘ ਨੇ ਅੰਗਰੇਜ਼ੀ ਹਕੂਮਤ ਦੇ ਅਹਿਲਕਾਰ ਮਾਈਕਲ ਉਡਵਾਇਰ ਵੱਲੋਂ ਸੰਨ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ ਪੰਜਾਬੀਆਂ ਨੂੰ ਜਾਨੋਂ ਮਾਰ ਦੇਣ ਦੀ ਕਾਰਵਾਈ ਦਾ ਬਦਲਾ ਲੈਣ ਦੀ ਚਿੰਗਾਰੀ ਆਪਣੇ ਮਨ ਵਿੱਚੋਂ 20 ਸਾਲਾਂ ਤਕ ਬੁਝਣ ਨਹੀਂ ਦਿੱਤੀ।

ਲੰਬੀਆਂ ਕੌਸ਼ਿਸ਼ਾਂ ਤੋਂ ਬਾਅਦ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਉਤੇ ਪਾਸਪੋਰਟ ਲੈ ਕੇ ਊਧਮ ਸਿੰਘ 1933 ਵਿਚ ਇੰਗਲੈਂਡ ਪਹੁੰਚ ਗਿਆ। ਲੰਡਨ ਵਿਚ ਊਧਮ ਸਿੰਘ ਇੰਜੀਨੀਅਰਿੰਗ ਦਾ ਕੋਰਸ ਕਰਨ ਲੱਗ ਪਿਆ। ਉਹ ਹਰ ਸਮੇਂ ਮਾਈਕਲ ਉਡਵਾਇਰ ਤੋਂ ਬਦਲੇ ਦੀ ਭਾਲ ਵਿਚ ਰਹਿੰਦਾ ਤਾਕਿ ਅਪਣੀ ਕੀਤੀ ਪ੍ਰਤਿਗਿਆ ਪੂਰੀ ਕਰ ਸਕੇ। 13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ। ਸ਼ਹੀਦ ਊਧਮ ਸਿੰਘ ਪਹਿਲਾਂ ਹੀ ਉੱਥੇ ਪਹੁੰਚ ਚੁੱਕਿਆ ਸੀ। ਜਦੋਂ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਮੀਟਿੰਗ ਵਿਚ ਭਾਸ਼ਣ ਦੇ ਰਿਹਾ ਸੀ ਉਦੋਂ ਹੀ ਸ਼ਹੀਦ ਊਧਮ ਸਿੰਘ ਨੇ ਆਪਣੀ ਇਕ ਕਿਤਾਬ ਵਿਚ ਛੁਪਾ ਕੇ ਰੱਖੀ ਹੋਈ ਰਿਵਾਲਵਰ ਕੱਢੀ ਅਤੇ ਉਸ ਨੂੰ ਗੋਲੀਆਂ ਨਾਲ ਮਾਰ ਮੁਕਾਇਆ । ਉਹ ਬਿਨਾਂ ਕਿਸੇ ਡਰ ਤੋਂ ਬੜੀ ਹੀ ਬੇਫਿਕਰੀ ਨਾਲ ਉੱਥੇ ਖੜਿਆ ਰਿਹਾ। ਊਧਮ ਸਿੰਘ ਨੂੰ ਗਿਰਫਤਾਰ ਕਰਕੇ ਬ੍ਰਿਸਟਨ ਜੇਲ੍ਹ ਵਿਚ ਭੇਜ ਦਿਤਾ ਗਿਆ ਅਤੇ ਉਸ ਉੱਤੇ ਕੇਸ ਚਲਾਇਆ ਗਿਆ।

5 ਜੂਨ 1940 ਨੂੰ ਸੈਂਟਰਲ ਕ੍ਰਿਮੀਨਲ ਕੋਰਟ ਓਲਡ ਬੈਲੇ ਨੇ ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ। 31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫ਼ਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਯਤਨਾਂ ਸਦਕਾ 31 ਜੁਲਾਈ 1974 ਨੂੰ ਇੰਗਲੈਂਡ ਤੋਂ ਊਧਮ ਸਿੰਘ ਦੀਆਂ ਅਸਥੀਆਂ ਨੂੰ ਭਾਰਤ ਲਿਆਇਆ ਗਿਆ, ਜਿਨ੍ਹਾਂ ਦਾ ਸਸਕਾਰ ਸੁਨਾਮ ਵਿਖੇ ਕੀਤਾ ਗਿਆ।

LEAVE A REPLY