ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ 534ਵਾਂ ਵਿਆਹ ਪੁਰਬ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਕੋਰੋਨਾ ਸੰਕਟ ਦੌਰਾਨ ਵੀ ਵਿਆਹ ਪੁਰਬ ਦੇ ਇਸ ਖਾਸ ਮੌਕੇ ਉੱਤੇ ਗੁਰਦਾਸਪੁਰ ਦੇ ਬਟਾਲਾ ਸਥਿਤ ਗੁਰਦੁਆਰਾ ਕੰਧ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਜਿਸ ਕਰਕੇ ਐਸਜੀਪੀਸੀ ਨੇ ਵੀ ਹਦਾਇਤਾਂ ਮੁਤਾਬਕ ਵਿਸ਼ੇਸ਼ ਇੰਤਜ਼ਾਮ ਕੀਤੇ ਹੋਏ ਹਨ।

 

ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਸ ਵਾਰ ਪ੍ਰਸ਼ਾਸਨ ਦੁਆਰਾ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਗੁਰਦੁਆਰਾ ਕੰਧ ਸਾਹਿਬ ਆਉਣ ਵਾਲੇ ਬਰਾਤ ਰੂਪੀ ਨਗਰ ਕੀਰਤਨ ਨੂੰ ਕੱਢਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਰ ਸਾਲ ਇਸ ਮੌਕੇ ਉੱਤੇ ਸੜਕਾਂ ਉੱਤੇ ਲਗਾਏ ਜਾਣ ਵਾਲੇ ਵੱਡੀ ਗਿਣਤੀ ਵਿਚ ਲੰਗਰ ਵੀ ਇਸ ਵਾਰ ਨਹੀਂ ਲਗਾਏ ਜਾਣਗੇ। ਦੂਜੇ ਪਾਸੇ ਗੁਰਦੁਆਰਾ ਕੰਧ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋ ਰਹੇ ਹਨ, ਹਾਲਾਂਕਿ ਇਸ ਦੌਰਾਨ ਸ਼ਰਧਾਲੂਆਂ ਦੇ ਮੂੰਹਾਂ ਉੱਤੇ ਸਾਵਾਧਾਨੀ ਦੇ ਮੱਦੇਨਜ਼ਰ ਮਾਸਕ ਪਹਿਣੇ ਹੋਏ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਗੁਰੂ ਨਾਨਕ ਦੇਵ ਜੀ 1487 ਈਸਵੀ ਵਿਚ ਮਾਤਾ ਸੁਲਖਣੀ ਜੀ ਨਾਲ ਵਿਆਹ ਕਰਵਾਉਣ ਲਈ ਸੁਲਤਾਨਪੁਰ ਲੋਧੀ ਤੋਂ ਬਟਾਲੇ ਆਏ ਸਨ ਅਤੇ ਉਨ੍ਹਾਂ ਦੀ ਬਰਾਤ ਇੱਥੇ (ਗੁਰਦੁਆਰਾ ਕੰਧ ਸਾਹਿਬ) ਆ ਰੁਕੀ ਸੀ। ਜਦੋਂ ਗੁਰੂ ਸਾਹਿਬ ਇਕ ਕੱਚੀ ਦੀਵਾਰ ਕੋਲ ਆ ਕੇ ਬੈਠੇ ਸਨ, ਉਦੋਂ ਇਕ ਬਜ਼ੁਰਗ ਮਾਤਾ ਨੇ ਗੁਰੂ ਜੀ ਨੂੰ ਕਿਹਾ ਸੀ, ਬੇਟਾ ਇਹ ਕੱਚੀ ਕੰਧ ਢਹਿਣ ਵਾਲੀ ਹੈ, ਉੱਠ ਕੇ ਪਰ੍ਹੇ ਹੋ ਜਾਓ। ਮਾਤਾ ਦੇ ਬੋਲ ਸੁਣ ਕੇ ਗੁਰੂ ਜੀ ਨੇ ਕਿਹਾ, ਮਾਤਾ ਭੋਲੀਏ ਇਹ ਕੰਧ ਜੁਗੋ-ਜੁੱਗ ਕਾਇਮ ਰਹੇਗੀ ਅਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ। ਇਹ ਕੱਚੀ ਕੰਧ ਗੁਰਦੁਆਰਾ ਸਾਹਿਬ ਅੰਦਰ ਸ਼ੀਸ਼ੇ ਦੇ ਫਰੇਮ ਵਿਚ ਅੱਜ ਵੀ ਮੌਜੂਦ ਹੈ, ਇਸ ਦੇ ਦਰਸ਼ਨ ਕਰ ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਰਾਜਕਾਲ ਦੌਰਾਨ ਇਸ ਅਸਥਾਨ ‘ਤੇ ਪੱਕਾ ਗੁਰੂ ਅਸਥਾਨ ਬਣਵਾਇਆ ਸੀ ਜਿਸ ਨੂੰ ਗੁਰਦੁਆਰਾ ਕੰਧ ਸਾਹਿਬ ਕਿਹਾ ਜਾਂਦਾ ਹੈ।

 

 

LEAVE A REPLY