ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜੰਮੂ ਕਸ਼ਮੀਰ ਵਿਚੋਂ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਖਾਤਮੇ ਲਈ ਆਪਣਾ ਅਭਿਆਨ ਤੇਜ਼ ਕੀਤਾ ਹੋਇਆ ਹੈ। ਇਸੇ ਤਹਿਤ ਸ਼੍ਰੀਨਗਰ ਵਿਚ ਬੁੱਧਵਾਰ ਦੇਰ ਰਾਤ ਤੋਂ ਸ਼ੁਰੂ ਹੋਈ ਮੁਠਭੇੜ ਅੱਜ ਸਵੇਰ ਤੱਕ ਜਾਰੀ ਰਹੀ ਜਿਸ ਵਿਚ ਤਿੰਨ ਅੱਤਵਾਦੀ ਮਾਰੇ ਗਏ ਹਨ, ਹਾਲਾਂਕਿ ਮੁਕਾਬਲੇ ਦੌਰਾਨ 1 ਜਵਾਨ ਵੀ ਜਖ਼ਮੀ ਹੋ ਗਿਆ ਹੈ, ਜਦਕਿ ਇਕ ਨਾਗਰਿਕ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੂੰ ਸ਼੍ਰੀਨਗਰ ਦੇ ਬਟਮਾਲੂ ਦੇ ਫਿਰਦੌਸਾਬਾਦ ਇਲਾਕੇ ਵਿਚ ਅੱਤਵਾਦੀਆਂ ਦੇ ਛਿਪੇ ਹੋਣ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਦੇਰ ਰਾਤ ਢਾਈ ਵਜੇ ਦੇ ਕਰੀਬ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ। ਖੁਦ ਨੂੰ ਘਿਰਦੇ ਵੇਖ ਅੱਤਵਾਦੀਆਂ ਨੇ ਸੁੱਰਖਿਆ ਬਲਾਂ ਉੱਤੇ ਫਾਇਰਿੰਗ ਕੀਤੀ ਅਤੇ ਜਵਾਬੀ ਕਾਰਵਾਈ ਵਿਚ ਅੱਜ ਸਵੇਰ ਤੱਕ ਤਿੰਨ ਅੱਤਵਾਦੀ ਮਾਰੇ ਗਏ।

ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਖੁਦ ਡੀਜੀਪੀ ਦਿਲਬਾਗ ਸਿੰਘ ਨੇ ਕੀਤੀ ਹੈ। ਖਬਰ ਏਜੰਸੀ ਏਐਨਆਈ ਮੁਤਾਬਕ ਡੀਜੀਪੀ ਨੇ ਦੱਸਿਆ ਹੈ ਕਿ ਅੱਤਵਾਦੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਕਈਂ ਤਰ੍ਹਾਂ ਦੇ ਹਥਿਆਰ ਵੀ ਬਰਾਮਦ ਹੋਏ ਹਨ। ਡੀਜੀਪੀ ਨੇ ਮੁਠਭੇੜ ਦੌਰਾਨ ਹੋਈ ਇਕ ਨਾਗਰਿਕ ਦੀ ਮੌਤ ਉੱਤੇ ਵੀ ਦੁੱਖ ਜਤਾਇਆ ਹੈ ਅਤੇ ਦੱਸਿਆ ਹੈ ਕਿ ਸੀਆਰਪੀਐਫ ਦਾ ਇਕ ਡਿਪਟੀ ਕਮਾਂਡੈਂਟ ਵੀ ਜਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ ਕੁੱਲ 72 ਆਪ੍ਰੇਸ਼ਨਾਂ ਵਿਚ 177 ਅੱਤਵਾਦੀ ਮਾਰੇ ਗਏ ਹਨ,ਜਿਨ੍ਹਾਂ ਵਿਚੋਂ ਜਿਆਦਾਤਰ ਵਿਦੇਸ਼ੀ ਦਹਿਸ਼ਤਗਰਦ ਹਨ। ਡੀਜੀਪੀ ਮੁਤਾਬਕ ਕੇਵਲ ਸ਼੍ਰੀਨਗਰ ਵਿਚ ਇਸ ਸਾਲ ਕੁੱਲ 7 ਆਪ੍ਰੇਸ਼ਨਾਂ ਵਿਚ 16 ਅੱਤਵਾਦੀਆਂ ਨੂੰ ਮਾਰਿਆ ਜਾ ਚੁੱਕਿਆ ਹੈ

LEAVE A REPLY