ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਸਰਕਾਰ ਦੁਆਰਾ ਚੀਨੀ ਐਪਸ ਉੱਤੇ ਪਾਬੰਦੀ ਲਗਾਉਣ ਦੇ ਕੁੱਝ ਹਫ਼ਤਿਆਂ ਬਾਅਦ ਅਮਰੀਕਾ ਨੇ ਬੀਤੇ ਸ਼ੁੱਕਰਵਾਰ ਨੂੰ ਆਦੇਸ਼ ਜਾਰੀ ਕਰਕੇ ਮਸ਼ਹੂਰ ਚੀਨੀ ਐਪ ਟਿਕ-ਟੋਕ ਅਤੇ ਵੀਚੈਟ ਉੱਤੇ ਭਲਕੇ ਐਤਵਾਰ ਤੋਂ ਬੈਨ ਲਗਾਉਣ ਦਾ ਫੈਸਲਾ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਐਪਸ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਦੇ ਲਈ ਖਤਰਾ ਹਨ।

ਦਰਅਸਲ ਪਿਛਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 15 ਸਤੰਬਰ ਤੱਕ ਵੀਚੈਟ, ਅਤੇ ਟਿਕਟੋਕ ਉੱਤੇ ਪਾਬੰਦੀ ਲਗਾਉਣ ਲਈ ਇਕ ਕਾਰਜਕਾਰੀ ਆਦੇਸ਼ ਉੱਤੇ ਦਸਤਖਤ ਕੀਤੇ ਸਨ। ਇਸ ਆਦੇਸ਼ ਵਿਚ ਕਿਹਾ ਗਿਆ ਸੀ ਕਿ ਇਸ ਸਮੇਂ ਤੱਕ ਇਨ੍ਹਾਂ ਕੰਪਨੀਆਂ ਨੂੰ ਆਪਣੀ ਮਾਲਕੀ ਅਮਰੀਕੀ ਕੰਪਨੀਆਂ ਦੇ ਹਵਾਲੇ ਕਰਨੀ ਪਏਗੀ, ਤਾਂ ਹੀ ਉਹ ਦੇਸ਼ ਵਿਚ ਕੰਮ ਕਰ ਸਕਣਗੇ।

ਅਮਰੀਕੀ ਵਣਜ ਮੰਤਰੀ ਵਿਲਬਰ ਰੌਸ ਨੇ ਕਿਹਾ ਰਾਸ਼ਟਰਪਤੀ ਦੇ ਨਿਰਦੇਸ਼ਾਂ ਉੱਤੇ ਅਸੀ ਅਮਰੀਕੀ ਨਾਗਰਿਕਾਂ ਦੇ ਨਿੱਜੀ ਅੰਕੜੇ ਇੱਕਠੇ ਕਰਨ ਦੇ ਚੀਨ ਦੇ ਮੰਦਭਾਗੇ ਕੰਮ ਨਾਲ ਲੜਨ ਲਈ ਮਹੱਤਵਪੂਰਨ ਕਾਰਵਾਈ ਕੀਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਵਣਜ ਮੰਤਰਾਲੇ ਨੇ ਸ਼ਨੀਵਾਰ ਨੂੰ ਟਿਕਟੋਕ ਅਤੇ ਵੀਚੈਟ ਉੱਤੇ ਪਾਬੰਦੀ ਲਗਾਉਣ ਦੇ ਲਈ ਟਰੰਪ ਪ੍ਰਸ਼ਾਸਨ ਦੁਆਰਾ ਜਾਰੀ ਆਦੇਸ਼ਾਂ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਉਹ ਇਨ੍ਹਾਂ ਐਪਸ ਦੇ ਡਾਊਨਲੋਡ ਨੂੰ ਬਲੌਕ ਕਰਨ ਦੇ ਅਮਰੀਕੀ ਕਦਮ ਦਾ ਘੋਰ ਵਿਰੋਧ ਕਰਦਾ ਹੈ। ਮੰਤਰਾਲੇ ਨੇ ਅੱਗੇ ਕਿਹਾ ਕਿ ਕਿਸੇ ਵੀ ਸਬੂਤ ਤੋਂ ਬਿਨਾਂ ਅਮਰੀਕਾ ਨੇ ਵਾਰ-ਵਾਰ ਗੈਰ ਕਾਨੂੰਨੀ ਕਾਰਨਾਂ ਦਾ ਹਵਾਲਾ ਦਿੰਦੇ ਕੰਪਨੀਆਂ ਨੂੰ ਦਬਾਉਣ ਲਈ ਸੂਬੇ ਦੀਆਂ ਸ਼ਕਤੀਆਂ ਦੀ ਵਰਤੋਂ ਕੀਤੀ ਹੈ। ਮੰਤਰਾਲੇ ਮੁਤਾਬਕ ਜੇਕਰਕ ਅਮਰੀਕਾ ਆਪਣਾ ਆਦੇਸ਼ ਵਾਪਸ ਨਹੀਂ ਲੈਂਦਾ ਹੈ ਤਾਂ ਚੀਨੀ ਕੰਪਨੀਆਂ ਦੇ ਕਾਨੂੰਨੀ-ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਲਈ ਜਰੂਰੀ ਕਦਮ ਚੁੱਕੇ ਜਾਣਗੇ।

LEAVE A REPLY