ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜ਼ਹਿਰੀਲੀ ਸ਼ਰਾਬ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਉੱਤੇ ਵਿਰੋਧੀ ਪਾਰਟੀਆਂ ਲਗਾਤਾਰ ਹਮਲਾਵਰ ਹਨ। ਇਸੇ ਤਹਿਤ ਅੱਜ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਦੇ ਘਨੋਰ ਹਲਕਾ ਵਿਚ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਵਿਧਾਇਕ ਐਨਕੇ ਸ਼ਰਮਾ ਸਮੇਤ ਸਮੂਹ ਅਕਾਲੀ ਲੀਡਰਸ਼ੀਪ ਮੌਜੂਦ ਸੀ।

ਦਰਅਸਲ ਸ਼੍ਰੋਮਣੀ ਅਕਾਲੀ ਦਲ ਨੇ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਅਤੇ ਕੈਪਟਨ ਸਰਕਾਰ ਦੀ ਬਰਖਾਸਤੀ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਹੈ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਉੱਤੇ ਜਮ ਕੇ ਨਿਸ਼ਾਨੇ ਸਾਧੇ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕਹਿ ਰਹੇ ਸਨ ਕਿ ਪੰਜਾਬ ਵਿਚ ਨਾਜਾਇਜ਼ ਸ਼ਰਾਬ ਵਿਕ ਰਹੀ ਹੈ ਅਤੇ ਸ਼ਰਾਬ ਦੀਆਂ ਜਾਅਲੀ ਫੈਕਟਰੀਆਂ ਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਨਾਲ ਇਹ ਮੌਤਾਂ ਨਹੀਂ ਬਲਕਿ ਕਤਲ ਹੋਏ ਹਨ। ਸੁਖਬੀਰ ਬਾਦਲ ਨੇ ਆਰੋਪ ਲਗਾਇਆ ਕਿ ਅਸਲੀ ਸ਼ਰਾਬ ਅਤੇ ਰੇਤ ਮਾਫੀਆਂ ਇੱਥੋਂ ਦੇ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਅਤੇ ਮਦਨ ਲਾਲ ਜਲਾਲਪੁਰ ਹਨ। ਅਕਾਲੀ ਦਲ ਪ੍ਰਧਾਨ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਸਰਕਾਰ ਬਣਾਉਣ ਲਈ ਅਕਾਲੀ ਦਲ ਵਿਰੁੱਧ ਝੂਠਾ ਪ੍ਰਚਾਰ ਕੀਤਾ ਸੀ ਅਤੇ ਝੂਠੇ ਬੇਅਦਬੀ ਤੋਂ ਲੈ ਕੇ ਡਰੱਗ ਮਾਫੀਆ ਦੇ ਇਲਜ਼ਾਮ ਲਗਾਏ ਸਨ ਪਰ ਅੱਜ ਤੱਕ ਕਾਂਗਰਸ ਸਰਕਾਰ ਅਕਾਲੀ ਦਲ ਦਾ ਇਕ ਵੀ ਲੀਡਰ ਗਿਰਫਤਾਰ ਨਹੀਂ ਕਰ ਸਕੀ ਹੈ। ਦੱਸ ਦਈਏ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ ਉੱਤੇ ਅਕਾਲੀ ਦਲ ਕੈਪਟਨ ਸਰਕਾਰ ਨੂੰ ਘੇਰਣ ਵਿਚ ਕੋਈ ਵੀ ਕਸਰ ਨਹੀਂ ਛੱਡ ਰਹੀ ਹੈ ਅਤੇ ਲਗਾਤਾਰ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਅਤੇ ਸਰਕਾਰ ਬਰਖਾਸਤ ਕਰਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

LEAVE A REPLY