ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੇਂਦਰ ਸਰਕਾਰ ਦੁਆਰਾ ਲਿਆਂਦੇ ਖੇਤੀ ਬਿੱਲ ਭਾਰੀ ਹੰਗਾਮੇ ਵਿਚਾਲੇ ਚਾਹੇ ਲੋਕ ਸਭਾ ਅਤੇ ਰਾਜਸਭਾ ਵਿਚ ਪਾਸ ਹੋ ਚੁੱਕੇ ਹਨ ਪਰ ਪੰਜਾਬ ਵਿਚ ਇਨ੍ਹਾਂ ਬਿੱਲਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਜਿੱਥੇ ਇਕ ਪਾਸੇ ਬਿੱਲਾਂ ਦੇ ਵਿਰੋਧ ਵਿਚ 25 ਸਤੰਬਰ ਨੂੰ ਪੰਜਾਬ ਬੰਦ ਦਾ ਫੈਸਲਾ ਕੀਤਾ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਿੱਲਾਂ ਦੇ ਰੋਸ ਵਿਚ 25 ਸਤੰਬਰ ਨੂੰ ਤਿੰਨ ਘੰਟੇ ਲਈ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਦੱਸਿਆ ਹੈ ਕਿ ”ਪਾਰਟੀ ਦੀ ਇਕ ਵਰਚੂਅਲ ਮੀਟਿੰਗ ਹੋਈ ਹੈ ਜਿਸ ਵਿਚ ਫੈਸਲਾ ਕੀਤਾ ਗਿਆ ਹੈ ਕਿ 25 ਸਤੰਬਰ ਨੂੰ ਪੂਰੇ ਪੰਜਾਬ ਵਿਚ ਤਿੰਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ 11 ਵਜੇ ਤੋਂ ਲੈ ਕੇ 1 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਹਰ ਹਲਕੇ ਵਿਚ ਸਾਡੇ ਹਲਕੇ ਦੇ ਸੀਨੀਅਰ ਆਗੂ ਅਤੇ ਵਰਕਰ ਤਿੰਨ ਘੰਟੇ ਸ਼ਾਂਤਮਈ ਤਰੀਕੇ ਨਾਲ ਚੱਕਾ ਜਾਮ ਕਰਨਗੇ। ਇਸ ਤੋਂ ਇਲਾਵਾ 26 ਜੁਲਾਈ ਤੋਂ ਲਗਾਤਾਰ ਚਾਰ ਦਿਨ ਸੁਖਬੀਰ ਸਿੰਘ ਬਾਦਲ ਸੂਬੇ ਦੇ ਸਾਰੇ ਜਿਲ੍ਹਿਆਂ ਦਾ ਦੌਰਾ ਕਰਕੇ ਮਾਸ ਕੋਨਟੈਕਟ ਪ੍ਰੋਗਰਾਮ ਲਾਂਚ ਕਰਨਗੇ ਅਤੇ ਖੇਤੀ ਬਿੱਲਾਂ ਦੇ ਨੁਕਸਾਨ ਬਾਰੇ ਵਰਕਰਾਂ ਨੂੰ ਜਾਣੂ ਕਰਵਾਉਣਗੇ”। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੁਆਰਾ 1 ਅਕਤੂਬਰ ਨੂੰ ਤਿੰਨ ਤਖਤਾਂ ਤੋਂ ਅਰਦਾਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸੂਬੇ ਦੇ ਗਵਰਨਰ ਨੂੰ ਮਿਲ ਕੇ ਰਾਸ਼ਟਰਪਤੀ ਦੇ ਨਾਮ ਇਕ ਮੈਮੋਰੰਡਮ ਦਿੱਤਾ ਜਾਵੇਗਾ ਜਿਸ ਵਿਚ ਖੇਤੀ ਬਿੱਲਾਂ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਜਾਵੇਗੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਕੇ ਇਹ ਮੰਗ ਕੀਤੀ ਹੈ ਕਿ ਇਨ੍ਹਾਂ ਬਿੱਲਾਂ ਉੱਤੇ ਦਸਤਖਤ ਨਾ ਕੀਤੇ ਜਾਣ ਅਤੇ ਬਿੱਲਾਂ ਨੂੰ ਵਾਪਸ ਸੰਸਦ ਵਿਚ ਭੇਜਿਆ ਜਾਵੇ।

LEAVE A REPLY