ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੂਬੇ ਦੇ ਲੋਕਾਂ ਨੂੰ ਕੋਰੋਨਾ ਟੈਸਟਿੰਗ ਲਈ ਉਤਸ਼ਾਹਿਤ ਕਰਨ ਅਤੇ ਪ੍ਰਾਈਵੇਟ ਲੈਬਾਰਟਰੀਜ਼ ਵਲੋਂ ਕੀਤੀ ਜਾ ਰਹੀ ਮੁਨਾਫ਼ਾਖੋਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਲੈਬਜ਼ ਲਈ ਕੋਵਿਡ ਟੈਸਟਿੰਗ ਦੇ ਰੇਟ ਘਟਾ ਦਿੱਤੇ ਹਨ।ਲੈਬਾਰਟਰੀਜ਼ ਨੂੰ ਕੋਵਿਡ ਟੈਸਟਾਂ ਦੇ ਰੇਟਾਂ ਨੂੰ ਲਿਖਤੀ ਰੂਪ ’ਚ ਦਰਸਾਉਣ ਲਈ ਵੀ ਹਦਾਇਤ ਕੀਤੀ ਗਈ ਹੈ ਤਾਂ ਜੋ ਰੇਟ ਆਸਾਨੀ ਨਾਲ ਪੜੇ ਜਾ ਸਕਣ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਹਾਂਮਾਰੀ ਐਕਟ,1897 (ਕੋਵਿਡ-19 ਰੈਗੂਲੇਸ਼ਨ 2020) ਦੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਹਦਾਇਤ ਕੀਤੀ ਹੈ ਕਿ ਕੋਈ ਵੀ ਪ੍ਰਾਈਵੇਟ ਲੈਬਾਰਟਰੀ ਕੋਵਿਡ ਦੇ ਆਰ.ਟੀ-ਪੀ.ਸੀ.ਆਰ ਟੈਸਟ ਲਈ 1600 ਰੁਪਏ (ਸਮੇਤ ਜੀ.ਐਸ.ਟੀ, ਟੈਕਸ, ਕਾਗ਼ਜ਼ੀ ਕਾਰਵਾਈ ਤੇ ਰਿਪੋਰਟਾਂ) ਤੋਂ ਵੱਧ ਪੈਸੇ ਨਹੀਂ ਲੈ ਸਕਦੀ।ਇਸੇ ਤਰਾਂ ਸੂਬੇ ਦੀਆਂ ਸਾਰੀਆਂ ਪ੍ਰਾਈਵੇਟ ਲੈਬਜ਼ ਨੂੰ ਕੋਵਿਡ 19 ਦੇੇ ਟਰੂਨੈਟ ਟੈਸਟ ਲਈ 2000 ਰੁਪਏ ਅਤੇ ਸੀਬੀਨੈਟ ਟੈਸਟ ਦਾ ਰੇਟ 2400 ਰੁਪਏ(ਸਮੇਤ ਜੀ.ਐਸ.ਟੀ, ਟੈਕਸ, ਕਾਗ਼ਜ਼ੀ ਕਾਰਵਾਈ ਤੇ ਰਿਪੋਰਟਾਂ) ਨਿਰਧਾਰਤ ਕੀਤਾ ਗਿਆ ਹੈ।

ਸਿੱਧੂ ਨੇ ਸਪੱਸ਼ਟ ਕੀਤਾ ਕਿ ਘਰ ਜਾ ਕੇ ਨਮੂਨੇ ਲੈਣ ਲਈ ਵਾਧੂ ਖਰਚਾ ਲੈਬ ਵਲੋਂ ਨਿਰਧਾਰਤ ਕੀਤਾ ਜਾ ਸਕਦਾ ਹੈ ਪਰ ਪ੍ਰਾਈਵੇਟ ਲੈਬਾਰਟਰੀਆਂ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਉਨਾਂ ਕਿਹਾ ਕਿ ਪ੍ਰਾਈਵੇਟ ਲੈਬਜ਼ ਆਈ.ਸੀ.ਐਮ.ਆਰ. ਅਤੇ ਭਾਰਤ ਸਰਕਾਰ ਤੇ ਰਾਜ ਸਰਕਾਰ ਵੱਲੋਂ ਸਮੇਂ ਸਮੇਂ ਤੇ ਨਿਰਧਾਰਤ ਕੀਤੇ ਸਾਰੇ ਟੈਸਟਿੰਗ ਪ੍ਰੋਟੋਕਾਲਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੀਆਂ। ਨਿੱਜੀ ਲੈਬਾਰਟਰੀਜ਼  ਕੋਵੀਡ -19 ਦੇ ਟੈਸਟਾਂ ਦੇ ਨਤੀਜਿਆਂ ਨਾਲ ਸਬੰਧਤ ਅੰਕੜੇ ਰਾਜ ਸਰਕਾਰ ਨਾਲ ਸਾਂਝੇ ਕਰਨਗੀਆਂ ਅਤੇ ਸਮੇਂ ਸਿਰ ਆਈ.ਸੀ.ਐਮ.ਆਰ ਪੋਰਟਲ ’ਤੇ ਅਪਲੋਡ ਕਰਨਗੀਆਂ।

ਉਨ੍ਹਾਂ ਦੱਸਿਆ ਕਿ ਸੈਂਪਲ ਰੈਫਰਲ ਫਾਰਮ (ਐਸ.ਆਰ.ਐਫ) ਮੁਤਾਬਕ ਨਮੂਨਾ ਲੈਣ ਸਮੇਂ ਟੈਸਟ ਕਰਵਾਉਣ ਵਾਲੇ ਵਿਅਕਤੀ ਦੀ ਪਛਾਣ, ਪਤਾ ਅਤੇ ਪ੍ਰਮਾਣਿਤ ਮੋਬਾਈਲ ਨੰਬਰ ਨੋਟ ਕਰਨਾ ਲਾਜ਼ਮੀ ਹੈ। ਉਨ੍ਹਾਂ ਅੱਗੇ ਕਿਹਾ ਕਿ ਨਮੂਨਾ ਲੈਣ ਸਮੇਂ ਆਰਟੀ-ਪੀਸੀਆਰ ਐਪ ਤੇ ਡਾਟਾ ਅਪਲੋਡ ਕੀਤਾ ਜਾਣਾ ਚਾਹੀਦਾ ਹੈ। ਟੈਸਟ ਦੀ ਰਿਪੋਰਟ ਮਰੀਜ਼ ਨੂੰ ਟੈਸਟਿੰਗ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਪਹੁੰਚਾਈ ਜਾਵੇ ਅਤੇ ਸਾਰੇ ਟੈਸਟ ਦੇ ਨਤੀਜੇ ਤੁਰੰਤ ਈ-ਮੇਲ ਰਾਹੀਂ ਸਬੰਧਤ ਜ਼ਿਲੇ ਦੇ ਸਿਵਲ ਸਰਜਨ ਨੂੰ ਭੇਜੇ ਜਾਣ ਅਤੇ ਇੱਕ ਕਾਪੀ ਪੰਜਾਬ ਸਟੇਟ ਆਈ.ਡੀ.ਐਸ.ਪੀ ਸੈੱਲ ਨੂੰ ਭੇਜੀ ਜਾਣ।

LEAVE A REPLY