ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੰਮ੍ਰਿਤਸਰ ਤੋਂ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਪੁਲਿਸ ਨੇ ਇਕ ਨਾਕੇ ਦੌਰਾਨ ਬਿਜਲੀ ਵਿਭਾਗ ਦੇ ਲਾਈਨਮੈਨ ਦਾ ਮਾਸਕ ਨਾ ਪਾਉਣ ਕਰਕੇ 500 ਰੁਪਏ ਦਾ ਚਲਾਨ ਕੱਟ ਦਿੱਤਾ ਜਿਸ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਪੁਲਿਸ ਥਾਣੇ ਉੱਤੇ ਰੇਡ ਮਾਰ ਕੇ ਨਾਜਾਇਜ਼ ਤਰੀਕੇ ਨਾਲ ਬਿਜਲੀ ਚੌਰੀ ਕਰਨ ਦੇ ਦੋਸ਼ ਵਿਚ 2 ਲੱਖ 89 ਹਜ਼ਾਰ ਰੁਪਏ ਦਾ ਜ਼ੁਰਮਾਨਾ ਠੋਕ ਦਿੱਤਾ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਚ ਪੁਲਿਸ ਨੇ ਇਕ ਚੌਰਾਹੇ ਉੱਤੇ ਨਾਕਾ ਲਗਾਇਆ ਹੋਇਆ ਸੀ ਅਤੇ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਸਨ।ਇਸੇ ਦੌਰਾਨ ਬਿਨਾਂ ਮਾਸਕ ਪਹਿਨੇ ਸੜਕ ਉੱਤੇ ਜਾ ਰਹੇ ਬਿਜਲੀ ਵਿਭਾਗ ਦੇ ਲਾਈਨਮੈਨ ਦਾ ਵੀ ਪੁਲਿਸ ਨੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ 500 ਰੁਪਏ ਦਾ ਚਲਾਨ ਕੱਟ ਦਿੱਤਾ। ਜਿਸ ਤੋਂ ਬਾਅਦ ਅਗਲੇ ਦਿਨ ਹੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਕੋਟ ਖਾਲਸਾ ਪੁਲਿਸ ਸਟੇਸ਼ਨ ਵਿਚ ਰੇਡ ਮਾਰੀ ਅਤੇ ਬਿਜਲੀ ਹੀ ਕੱਟ ਦਿੱਤੀ। ਇੰਨਾ ਹੀ ਨਹੀਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਥਾਣੇ ਉੱਤੇ 2 ਲੱਖ 89 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਠੋਕ ਦਿੱਤਾ,ਕਿਉਂਕਿ ਪੁਲਿਸ ਸਟੇਸ਼ਨ ਵਿਚ ਬਿਜਲੀ ਮੀਟਰ ਡੈੱਡ ਪਿਆ ਸੀ ਅਤੇ ਨਾਜਾਇਜ਼ ਤਰੀਕੇ ਨਾਲ ਕੁੰਡੀ ਕੁਨੈਕਸ਼ਨ ਰਾਹੀਂ ਬਿਜਲੀ ਚੌਰੀ ਕੀਤੀ ਜਾ ਰਹੀ ਸੀ। ਉੱਥੇ ਹੀ ਜਦੋਂ ਇਸ ਪੂਰੇ ਮਾਮਲੇ ਬਾਰੇ ਜਦੋਂ ਬਿਜਲੀ ਵਿਭਾਗ ਦੇ ਐਸਡੀਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉੱਚ ਅਧਿਕਾਰੀਆਂ ਵੱਲੋਂ ਸਾਰੇ ਪੁਲਿਸ ਥਾਣਿਆਂ ਵਿਚ ਬਿਜਲੀ ਮੀਟਰ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਸਨ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਅਤੇ ਇਸਦਾ ਮਾਸਕ ਦੇ ਚਲਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

 

 

LEAVE A REPLY