ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਪੂਰੇ ਦੇਸ਼ ਸਮੇਤ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਹੋਏ ਨਜ਼ਰ ਆ ਰਹੇ ਹਨ। ਦਿੱਲੀ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 12 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ ਜਦਕਿ 200 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਉੱਥੇ ਹੀ ਹੁਣ ਤੱਕ 5800 ਦੇ ਕਰੀਬ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਵੀ ਮਿਲ ਚੁੱਕੀ ਹੈ।

Coronavirus

ਦਰਅਸਲ ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿਚ ਆਏ ਨਵੇਂ ਮਾਮਲਿਆਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦਿੱਲੀ ਸਰਕਾਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਪੂਰੀ ਰਾਜਧਾਨੀ ਵਿਚੋਂ 660 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 14 ਮੌਤਾਂ ਹੋਈਆਂ ਹਨ ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 12,319 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 208 ਤੱਕ ਪਹੁੰਚ ਗਿਆ ਹੈ। ਉੱਥੇ ਹੀ 330 ਹੋਰ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਨਾਲ ਠੀਕ ਹੋਣ ਵਾਲਿਆਂ ਦੀ ਸੰਖਿਆ 5897 ਹੋ ਚੁੱਕੀ ਹੈ। ਜਦਕਿ 6214 ਮਰੀਜ਼ ਅਜੇ ਇਲਾਜ਼ ਅਧੀਨ ਹਨ। ਪਿਛਲੇ 2 ਦਿਨਾਂ ਵਿਚ ਦਿੱਲੀ ‘ਚ 500 ਤੇ 540 ਮਾਮਲੇ ਸਾਹਮਣੇ ਆਏ ਸਨ ਪਰ ਤਾਜ਼ਾ ਅੰਕੜਿਆਂ ਨੇ ਹੁਣ ਤੱਕ ਸਾਰੇ ਰਿਕਾਰਡਾਂ ਨੂੰ ਤੋੜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੇਸਾਂ ਵਿਚ ਤੇਜ਼ੀ ਆਉਣ ਦਾ ਇਕ ਕਾਰਨ ਪੂਰੇ ਦੇਸ਼ ਸਮੇਤ ਦਿੱਲੀ ਵਿਚ ਕੋਰੋਨਾ ਦੇ ਟੈਸਟਾਂ ਦੀ ਗਤੀ ਵਿਚ ਇਜ਼ਾਫਾ ਹੋਣਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਵਿਚ ਹੁਣ ਰੋਜ਼ਾਨਾ 1 ਲੱਖ ਤੋਂ ਵੱਧ ਕੋਰੋਨਾ ਦੇ ਟੈਸਟ ਹੋ ਰਹੇ ਹਨ ਜਿਸ ਕਰਕੇ ਮਾਮਲਿਆਂ ਵਿਚ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ। ਜੇਕਰ ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 24 ਘੰਟਿਆਂ ਦੌਰਾਨ 6088 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਅਤੇ 148 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 118,447 ਹੋ ਗਈ ਹੈ ਅਤੇ ਮਰਨ ਵਾਲਿਆਂ ਸੰਖਿਆ 3583 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 48,534 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਕੁੱਲ ਐਕਟਿਵ ਮਾਮਲੇ 66,330 ਹੋ ਗਏ ਹਨ।

LEAVE A REPLY