ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਨਵੀਂ ਸਿੱਖਿਆ ਨੀਤੀ ਨੂੰ ਮੰਜ਼ੂਰੀ ਦੇ ਦਿੱਤੀ ਹੈ। ਕੈਬਨਿਟ ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਦਿੱਤੀ ਹੈ। ਪ੍ਰਕਾਸ਼ ਜਾਵੇੜਕਰ ਨੇ ਦੱਸਿਆ ਕਿ 34 ਸਾਲਾਂ ਬਾਅਦ ਭਾਰਤ ਵਿਚ ਨਵੀਂ ਸਿੱਖਿਆ ਨੀਤੀ ਆਈ ਹੈ ਅਤੇ ਸਕੂਲਾਂ-ਕਾਲਜਾਂ ਦੀ ਵਿਵਸਥਾ ਵਿਚ ਵੱਡੇ ਬਦਲਾਅ ਕੀਤੇ ਗਏ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਨਵੀਂ ਸਿੱਖਿਆ ਨੀਤੀ ਵਿਚ ਵੱਡਾ ਬਦਲਾਅ ਕਰਦੇ ਹੋਏ ਭਾਸ਼ਾਵਾਂ ਦੇ ਵਿਕਲਪ ਨੂੰ ਵਧਾ ਦਿੱਤਾ ਹੈ। ਵਿਦਿਆਰਥੀ 2 ਤੋਂ 8 ਸਾਲ ਦੀ ਉਮਰ ਵਿਚ ਭਾਸ਼ਾਵਾਂ ਨੂੰ ਸਿੱਖ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਸ਼ੁਰੂਆਤ ਤੋਂ ਹੀ ਸਥਾਨਕ ਭਾਸ਼ਾ ਦੇ ਨਾਲ ਤਿੰਨ ਵੱਖ-ਵੱਖ ਭਾਸ਼ਾਵਾਂ ਵਿਚ ਸਿੱਖਿਆ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਛੇਵੀਂ ਤੋਂ ਅੱਠਵੀ ਜਮਾਤ ਦੇ ਵਿਦਿਆਰਥੀਆਂ ਲਈ ਘੱਟੋ-ਘੱਟ ਦੋ ਸਾਲਾਂ ਦਾ ਇਕ ਭਾਸ਼ਾ ਕੋਰਸ ਵੀ ਪ੍ਰਸਤਾਵਿਤ ਹੈ। ਇਸ ਤੋਂ ਇਲਾਵਾ ਅਧਿਐਨ ਦੇ ਨਾਲ ਸਰੀਰਕ ਸਿੱਖਿਆਂ ਨੂੰ ਜ਼ਰੂਰੀ ਬਣਾਉਣ ਦਾ ਨਿਯਮ ਰੱਖਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋ ਸਕੇ। ਨਵੀਂ ਸਿੱਖਿਆ ਨੀਤੀ ਵਿਚ ਸਰਕਾਰ ਨੇ ਵਿਦਿਆਰਥੀਆਂ ਲਈ ਨਵਾਂ ਪਾਠਕ੍ਰਮ ਤਿਆਰ ਕਰਨ ਦਾ ਪ੍ਰਸਤਾਵ ਵੀ ਦਿੱਤਾ ਹੈ।

ਨਵੀਂ ਕੌਮੀ ਸਿੱਖਿਆ ਨੀਤੀ 2035 ਤੱਕ ਉੱਚ ਸਿੱਖਿਆ ਵਿਚ 50 ਫੀਸਦੀ ਦਾਖਲੇ ਦਾ ਟੀਚਾ ਨਿਰਧਾਰਤ ਕਰਦੀ ਹੈ, ਮੌਜੂਦ ਸਮੇਂ ਵਿਚ ਸਿਰਫ 15 ਫੀਸਦੀ ਵਿਦਿਆਰਥੀ ਹੀ ਉੱਚ ਸਿੱਖਿਆ ਤੱਕ ਪਹੁੰਚ ਪਾਉਂਦੇ ਹਨ। ਉੱਚ ਸਿੱਖਿਆ ਵਿਚ ਹੁਣ ਮਲਟੀਪਲ ਐਂਟਰੀ ਅਤੇ ਐਗਜਿਟ ਦਾ ਵਿਕਲਪ ਦਿੱਤਾ ਜਾਵੇਗਾ। ਸਿੱਖਿਆ ਦੇ ਮਿਆਰ ਸਰਕਾਰੀ ਅਤੇ ਨਿੱਜੀ ਯੂਨੀਵਰਸਿਟੀਆਂ ਲਈ ਇਕੋ ਜਿਹੇ ਰਹਿਣਗੇ। ਰਾਸ਼ਟਰੀ ਖੋਜ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਜਾਵੇਗੀ,ਜੋ ਖੋਜ਼ ਅਤੇ ਨਵੀਨਤਾ ਨੂੰ ਉਤਸ਼ਾਹਤ ਕਰੇਗੀ। ਸਿੱਖਿਆ ਵਿਚ ਤਕਨੀਕ ਦੀ ਵਰਤੋਂ ਵਧਾਈ ਜਾਵੇਗੀ। ਪਿਛੜੇ ਵਰਗਾਂ ਨੂੰ ਵੱਧ ਤੋਂ ਵੱਧ ਸਿੱਖਿਆ ਨਾਲ ਜੋੜਨ ਦਾ ਟਿੱਚਾ ਹੈ। ਦਿਵਯਾਂਗ ਫਰੈਂਡਲੀ ਐਜੂਕੇਸ਼ਨ ਸਾਫਟਵੇਅਰ ਤਿਆਰ ਹੋਣਗੇ। ਖੇਤਰੀ ਭਾਸ਼ਾਵਾਂ ਵਿਚ ਈ-ਸਮੱਗਰੀ ਤਿਆਰ ਕੀਤੀ ਜਾਵੇਗੀ। ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਡਿਜਿਟਲ ਟੈਕਨਾਲੋਜੀ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਕੈਬਨਿਟ ਮੀਟਿੰਗ ਵਿਚ ਵੱਡਾ ਫੈਸਲਾ ਲੈਂਦਿਆਂ ਮਨੁੱਖੀ ਸਰੋਤ ਅਤੇ ਵਿਕਾਸ(HRD) ਮੰਤਰਾਲੇ ਦਾ ਨਾਮ ਬਦਲ ਕੇ ਸਿੱਖਿਆ ਮੰਤਰਾਲਾ ਰੱਖ ਦਿੱਤਾ ਗਿਆ ਹੈ।

LEAVE A REPLY