ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਆਉਣ ਵਾਲੀ 6 ਜੂਨ ਨੂੰ ਆਪਰੇਸ਼ਨ ਬਲੂਸਟਾਰ ਦੀ 36ਵੀਂ ਬਰਸੀ ਮਨਾਈ ਜਾਣੀ ਹੈ ਜਿਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਇਹ ਦਿਹਾੜਾ ਸ਼ਾਂਤੀ ਤੇ ਸੰਦਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ ਹੈ ਅਤੇ ਇਹ ਵੀ ਕਿਹਾ ਹੈ ਕਿ ਜਿਹੜੀ ਸਿੱਖ ਸੰਗਤ ਸਰਕਾਰ ਦੁਆਰਾ ਜਾਰੀ ਹਦਾਇਤਾਂ ਕਾਰਨ ਦਰਬਾਰ ਸਾਹਿਬ ਨਹੀਂ ਆ ਸਕਦੀ ਉਹ ਘਰੇ ਗੁਰਬਾਣੀ ਦਾ ਜਾਪ ਅਤੇ ਲਾਈਵ ਕੀਰਤਨ ਨੂੰ ਸਰਵਣ ਕਰਕੇ ਇਹ ਦਿਹਾੜਾ ਮਨਾਵੇ।

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ”6 ਜੂਨ 1984 ਦਾ ਘੱਲੂਘਾਰਾ ਸਿੱਖ ਮਾਨਸਿਕਤਾ ਉੱਤੇ ਗਹਿਰਾ ਜਖ਼ਮ ਹੈ ਜਿਸ ਦੀ ਭਰਪਾਈ ਸਦੀਆਂ-ਸਦੀਆਂ ਤੱਕ ਕਦੇ ਵੀ ਨਹੀਂ ਹੋਵੇਗੀ। ਹਰ ਸਾਲ ਸਿੱਖ ਇਸ ਦਿਹਾੜੇ ਨੂੰ ਘੱਲੂਘਾਰੇ ਦਿਵਸ ਵਜੋਂ 6 ਜੂਨ ਨੂੰ ਮਨਾਉਂਦੇ ਹਨ ਤੇ ਇਸ ਵਾਰ 6 ਜੂਨ ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਪ੍ਰਕਾਸ਼ ਪੂਰਬ ਵੀ ਹੈ”। ਉਨ੍ਹਾਂ ਨੇ ਕਿਹਾ ਕਿ ”ਭਾਰਤ ਸਰਕਾਰ ਨੇ 8 ਜੂਨ ਨੂੰ ਧਾਰਮਿਕ ਅਸਥਾਨ ਖੋਲ੍ਹਣ ਦਾ ਐਲਾਨ ਕੀਤਾ ਹੈ ਜਿਸ ਕਰਕੇ ਸਿੱਖ ਸੰਗਤ ਦਾ ਹਰਮੰਦਿਰ ਸਾਹਿਬ ਜਾਣਾ ਇਸ ਸਖਤੀ ਕਾਰਨ ਸੰਭਵ ਨਹੀਂ ਜਾਪਦਾ ਇਸ ਲਈ ਜਿੱਥੇ ਵੀ ਇਸ ਦਿਹਾੜੇ ਨੂੰ ਸਿੱਖ ਸੰਗਤ ਨੇ ਮਨਾਉਣਾ ਹੈ ਉੱਥੇ ਸ਼ਾਂਤੀ ਤੇ ਸਦਭਾਵਨਾ ਨੂੰ ਬਣਾ ਕੇ ਰੱਖਣਾ ਹੈ। ਨਾਲ ਹੀ ਅਕਾਲ ਤਖ਼ਤ ਸਾਹਿਬ ਦੇ ਸਥਾਨ ਉੱਤੇ ਵੀ ਸ਼ਾਂਤੀ ਕਾਇਮ ਰੱਖਣੀ ਹੈ”। ਜੱਥੇਦਾਰ ਅਨੁਸਾਰ ਜਿਹੜੀ ਸੰਗਤ ਦਾ ਇਸ ਦਿਹਾੜੇ ਉੱਤੇ ਸ੍ਰੀ ਦਰਬਾਰ ਸਾਹਿਬ ਪਹੁੰਚਣਾ ਅਸੰਭਵ ਹੈ ਉਹ ਘਰੇ ਬੈਠ ਕੇ ਲਾਈਵ ਕੀਤਰਨ ਨੂੰ ਸਰਵਣ ਕਰੇ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ”ਇਸ ਦਿਹਾੜੇ ਉੱਤੇ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰੀਏ, ਆਪਣੇ ਇਤਿਹਾਸ ਨੂੰ ਪੜਤਾਲੀਏ, ਆਪਣੇ-ਆਪ ਨੂੰ ਪੜਚੋਲੀਏ, ਅਸੀ ਕੀ ਗਵਾਇਆ ਤੇ ਕੀ ਖੱਟਿਆ ਅਤੇ ਭਵਿੱਖ ਵਿਚ ਸਾਡੀਆਂ ਕੀ ਨੀਤੀਆਂ ਹੋਣੀਆਂ ਚਾਹੀਦੀਆਂ ਹਨ ਇਸ ਉੱਤੇ ਅਸੀ ਸੋਚ ਵਿਚਾਰ ਕਰੀਏ।”

LEAVE A REPLY