ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਕਾਰਨ ਲਗਭਗ 2 ਮਹੀਨੇ ਤੋਂ ਬੰਦ ਪਈਆਂ ਉਡਾਣਾਂ ਨੂੰ ਸਰਕਾਰ ਨੇ ਮੁੜ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਦੇਸ਼ ਭਰ ਵਿਚ ਘਰੇਲੂ ਉਡਾਣਾਂ ਆਉਣ ਵਾਲੀ 25 ਮਈ ਤੋਂ ਸ਼ੁਰੂ ਹੋ ਜਾਣਗੀਆਂ ਇਸ ਗੱਲ ਦੀ ਜਾਣਕਾਰੀ ਸਿਵਲ ਹਵਾਬਾਜ਼ੀ ਮੰਤਰਾਲੇ ਨੇ ਟਵੀਟ ਕਰਕੇ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰੇਲ ਸੇਵਾ ਸ਼ੁਰੂ ਕਰਨ ਦੀ ਵੀ ਆਗਿਆ ਦੇ ਦਿੱਤੀ ਗਈ ਹੈ।

ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ”ਸੋਮਵਾਰ 25 ਮਈ 2020 ਤੋਂ ਘਰੇਲੂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਸਾਰੇ ਹਵਾਈ ਅੱਡਿਆਂ ਅਤੇ ਹਵਾਈ ਜਹਾਜ਼ਾਂ ਨੂੰ 25 ਮਈ ਤੋਂ ਉਡਾਣਾਂ ਭਰਨ ਵਾਸਤੇ ਤਿਆਰ ਰਹਿਣ ਦੀ ਸੂਚਨਾ ਦਿੱਤੀ ਜਾ ਰਹੀ ਹੈ। ਯਾਤਰੀਆਂ ਲਈ ਐਸਓਪੀ ਵੀ ਜਾਰੀ ਕੀਤਾ ਜਾ ਰਿਹਾ ਹੈ”। ਹਾਲਾਂਕਿ ਇਸ ਦੌਰਾਨ ਅੰਤਰਾਸ਼ਟਰੀ ਉਡਾਣਾਂ ਉੱਤੇ ਪਾਬੰਦੀ ਲੱਗੀ ਰਹੇਗੀ। ਉੱਥੇ ਹੀ ਬੀਤੇ ਮੰਗਲਵਾਰ ਨੂੰ ਸਰਕਾਰ ਨੇ ਰੇਲ ਸੇਵਾ ਵੀ ਮੁੜ ਤੋਂ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ ਹੈ। ਰੇਲ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤੀ ਰੇਲਵੇ 1 ਜੂਨ ਤੋਂ ਟਾਈਮ ਟੇਬਲ ਦੇ ਅਨੁਸਾਰ ਪ੍ਰਤੀਦਿਨ 200 ਨਾਨ ਏਸੀ ਟਰੇਨਾਂ ਚਲਾਵੇਗਾ ਜਿਸ ਦੀ ਜਲਦੀ ਹੀ ਆਨਲਾਈਨ ਬੁਕਿੰਗ ਸ਼ੁਰੂ ਹੋਵੇਗੀ। ਦੱਸ ਦਈਏ ਕਿ ਦੇਸ਼ ਵਿਚ ਲਾਕਡਾਊਨ ਦਾ ਚੌਥਾ ਚਰਨ ਚੱਲ ਰਿਹਾ ਹੈ ਜਿਸ ਦੀ ਮਿਆਦ 31 ਮਈ ਤੱਕ ਹੈ। ਸਰਕਾਰ ਇਸ ਲਾਕਡਾਊਨ ਦੌਰਾਨ ਹੋਲੀ-ਹੋਲੀ ਆਮ ਲੋਕਾਂ ਨੂੰ ਢਿੱਲ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਸੰਕਟ ਨੂੰ ਵੇਖਦੇ ਹੋਏ 25 ਮਾਰਚ ਤੋਂ ਹੀ ਰੇਲ ਸੇਵਾ ਅਤੇ ਹਵਾਈ ਉਡਾਣਾਂ ਬੰਦ ਪਈਆਂ ਹਨ।

LEAVE A REPLY