ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 21 ਜਨਵਰੀ ਨੂੰ ਨੇਪਾਲ ਦੇ ਕਾਠਮੰਡੂ ਨੇੜਲੇ ਇੱਕ ਹੋਟਲ ਵਿੱਚ ਮ੍ਰਿਤਕ ਮਿਲੇ 8 ਭਾਰਤੀ ਸੈਲਾਨੀਆਂ ਦੀ ਖ਼ਬਰ ਤੋਂ ਬਾਅਦ ਭਾਰਤ ਦੂਤਘਰ ਤੁਰੰਤ ਹਰਕਤ ਵਿੱਚ ਆ ਗਿਆ ਸੀ। ਜਿਸ ਤੋਂ ਬਾਅਦ ਇਨ੍ਹਾਂ ਭਾਰਤੀਆਂ ਦੀ ਪਹਿਚਾਣ ਕੇਰਲਾ ਦੇ ਦੋ ਪਰਿਵਾਰਾਂ ਵਜੋਂ ਹੋਈ ਸੀ। ਪਰ ਹੁਣ ਖਬਰ ਇਹ ਸਾਹਮਣੇ ਆਈ ਹੈ ਕਿ, ਇਨ੍ਹਾਂ ਮ੍ਰਿਤਕ ਭਾਰਤੀਆਂ ਵਿਚੋਂ ਪੰਜ ਇੱਕ ਪਰਿਵਾਰ ਨਾਲ ਸੰਬੰਧਿਤ ਸਨ ਅਤੇ ਤਿੰਨ ਇੱਕ ਪਰਿਵਾਰ ਨਾਲ ਸੰਬੰਧਿਤ ਸਨ। ਇਨ੍ਹਾਂ ਮ੍ਰਿਤਕਾਂ ‘ਚ ਕੇਰਲ ਦੇ ਪ੍ਰਵੀਨ ਕ੍ਰਿਸ਼ਨ ਨਾਇਰ, ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਸ਼ਾਮਿਲ ਹਨ, ਜਦਕਿ ਦੂਜੇ ਪਰਿਵਾਰ ‘ਚ ਰੰਜੀਤ ,ਉਸਦੀ ਪਤਨੀ ਅਤੇ ਇੱਕ ਬੱਚਾ ਮ੍ਰਿਤਕ ਪਾਇਆ ਗਿਆ ਹੈ।

ਕੀ ਸੀ ਪੂਰਾ ਘਟਨਾਕ੍ਰਮ

ਅਸਲ ‘ਚ ਕੇਰਲ ਦੇ ਰਹਿਣ ਵਾਲੇ 15 ਵਿਅਕਤੀ ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ ਨੇਪਾਲ ਘੁੰਮਣ ਲਈ ਇਕੱਠੇ ਘਰੋਂ ਨਿਕਲੇ ਸੀ। ਉਕਤ ਲੋਕ ਬੀਤੀ 20 ਜਨਵਰੀ ਨੂੰ ਨੇਪਾਲ ਦੇ ਦਮਨ ਵਿਖੇ ਇੱਕ ਹੋਟਲ ਵਿੱਚ ਰੁਕੇ ਅਤੇ ਉਥੇ ਦੋ ਕਮਰੇ ਕਿਰਾਏ ‘ਤੇ ਲੈ ਲਏ, ਜਿਨ੍ਹਾਂ ਵਿਚੋਂ ਇੱਕ ਕਮਰੇ ਵਿੱਚ 8 ਲੋਕ ਸੌਣ ਲਈ ਰੁਕੇ ਜਦਕਿ ਦੂਸਰੇ ਕਮਰੇ ਵਿੱਚ 7 ਲੋਕ ਸੌਣ ਲਈ। ਇਸ ਦੌਰਾਨ ਇੱਕ ਕਮਰੇ ਵਿੱਚ ਕੇਰੋਸੀਨ ਹੀਟਰ ਮੌਜੂਦ ਸੀ।

ਕਮਰੇ ਦੀਆਂ ਬੂਹੇ ਬਾਰੀਆਂ ਬੰਦ ਹੋਣ ਕਾਰਨ ਹੀਟਰ ਚੋਂ ਨਿਕਲਣ ਵਾਲੀ ਗੈਸ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਸਵੇਰੇ ਜਦੋਂ ਇਨ੍ਹਾਂ ਲੋਕਾਂ ਦੇ ਦੇਰ ਤੱਕ ਦਰਵਾਜਾ ਨਾ ਖੋਲ੍ਹਣ ‘ਤੇ ਦਰਵਾਜਾ ਤੋੜਿਆ ਗਿਆ ਤਾਂ ਇਹ 8 ਲੋਕ ਬੇਹੋਸ਼ੀ ਦੀ ਹਾਲਤ ਵਿੱਚ ਪਾਏ ਗਏ ਪਰ ਫਿਰ ਕਾਠਮਾਡੂ ਵਿੱਚ ਇੱਕ ਹਸਪਤਾਲ ਵਿਖੇ ਲਿਜਾਣ ‘ਤੇ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ।

ਦਸਿਆ ਜਾਂਦਾ ਹੈ ਕਿ, ਇਹ 15 ਲੋਕ ਚਾਰ ਪਰਿਵਾਰ ਸਨ, ਜੋ ਕਿ ਕੇਰਲਾ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਸਨ। ਇਨ੍ਹਾਂ ਵਿਚੋਂ ਚਾਰੇ ਪਰਿਵਾਰ ਮੁਖੀ ਵਿਅਕਤੀ ਕਾਲਜ ਸਮੇਂ ਦੇ ਆਪਸੀ ਮਿੱਤਰ ਸਨ ਅਤੇ ਇਸ ਵਾਰ ਇਕੱਠੇ ਨੇਪਾਲ ਘੁੰਮਣ ਗਏ ਸਨ। ਨੇਪਾਲ ਦੇ ਦਮਨ ਵਿੱਚ ਵਾਪਰੇ ਇਸ ਹਾਦਸੇ  ਨਾਲ ਪ੍ਰਵੀਨ ਕ੍ਰਿਸ਼ਨ ਨਾਇਰ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਹੈ। ਜਦ ਕਿ ਦੂਜੇ ਮ੍ਰਿਤਕ ਵਿਅਕਤੀ ਰੰਜੀਤ ਦੀ ਪਤਨੀ ਅਤੇ ਇੱਕ ਦੋ ਸਾਲਾ ਪੁੱਤਰ ਇਸ ਹਾਦਸੇ ਵਿੱਚ ਮਾਰਿਆ ਗਿਆ ਹੈ।

 

LEAVE A REPLY