ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਖੇਤੀ ਆਰਡੀਨੈਂਸਾਂ ਵਿਰੁੱਧ ਪੰਜਾਬ ਵਿਚ ਕਿਸਾਨਾਂ ਦੁਆਰਾ ਧਰਨਾ ਪ੍ਰਦਰਸ਼ਨ ਲਗਤਾਰ ਜਾਰੀ ਹੈ। ਸੂਬੇ ਵਿਚ ਕੋਰੋਨਾ ਕਾਰਨ ਧਾਰਾ 144 ਲਾਗੂ ਕੀਤੀ ਹੋਈ ਹੈ ਅਤੇ ਵੱਡੇ ਇੱਕਠ ਕਰਨ ‘ਤੇ ਰੋਕ ਲਗਾਈ ਗਈ ਹੈ ਜਿਸ ਕਰਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਧਾਰਾ 144 ਦੀ ਉਲੰਘਣਾ ਕਰਨ ‘ਤੇ ਪਰਚੇ ਦਰਜ ਹੋਏ ਸਨ ਪਰ ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬੁੱਧਵਾਰ ਨੂੰ ਕਿਸਾਨਾਂ ਉੱਤੇ ਦਰਜ ਪਰਚੇ ਵਾਪਸ ਲੈਣ ਦਾ ਐਲਾਨ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਕੋਈ ਐਫਆਈਆਰ ਦਰਜ ਨਹੀਂ ਕੀਤੀ ਜਾਵੇਗੀ ਅਤੇ ਜਿਹੜੇ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਵਾਪਸ ਲਿਆ ਜਾਵੇਗਾ, ਕਿਉਂਕਿ ਉਹ ਆਪਣੇ ਹੱਕਾਂ ਦੀ ਖਾਤਰ ਲੜ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਸੜਕਾਂ ਰੋਕਣ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਇੱਥੇ ਸਰਕਾਰ ਹੀ ਉਨ੍ਹਾਂ ਨਾਲ ਹੈ। ਜੇਕਰ ਸੜਕਾਂ ਅਤੇ ਪੁੱਲ ਰੋਕਣੇ ਤਾਂ ਦਿੱਲੀ ਚੱਲੋ ਅਤੇ ਸਰਕਾਰ ਉਨ੍ਹਾਂ ਦਾ ਸਾਥ ਦੇਵੇਗੀ।

ਦੱਸ ਦਈਏ ਕਿ ਬੀਤੇ ਦਿਨ ਬਠਿੰਡਾ ਦੇ ਥਾਣਾ ਨਹੀਆਵਾਲਾ ਵਿਚ 7 ਕਿਸਾਨਾਂ ਉੱਤੇ ਬਾਏ ਨੇਮ ਅਤੇ 200 ਅਣਪਛਾਤੇ ਕਿਸਾਨਾਂ ਉੱਤੇ ਧਾਰਾ 188,269,278,283 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਕਿਸਾਨ ਖੇਤੀ ਆਰਡੀਨੈਂਸਾਂ ਵਿਰੁੱਧ ਹਾਈਵੇ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ, ਹਾਲਾਂਕਿ ਪੁਲਿਸ ਨੇ ਕੋਈ ਗਿਰਫ਼ਤਾਰੀ ਨਹੀਂ ਕੀਤੀ ਸੀ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਸੰਸਦ ਵਿਚ ਪੇਸ਼ ਤਿੰਨ ਖੇਤੀਬਾੜੀ ਆਰਡੀਨੈਂਸ ਬਿੱਲਾਂ ਦੇ ਸੰਬੰਧ ਵਿਚ ਅੱਜ ਬੁੱਧਵਾਰ ਨੂੰ ਕਾਂਗਰਸ ਪਾਰਟੀ ਦੇ 11 ਮੈਂਬਰੀ ਵਫਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਹੈ ਅਤੇ ਸੰਸਦ ਵਿਚ ਪੇਸ਼ ਕੀਤੇ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣ ਲਈ ਇੱਕ ਮੰਗ ਪੱਤਰ ਸੌਂਪਿਆ ਹੈ।

LEAVE A REPLY