ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਮਹਾਂਮਾਰੀ ਕਾਰਨ ਵਾਰ-ਵਾਰ ਮੁਲਤਵੀ ਹੋਈ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਦੀ ਸ਼ੁਰੂਆਤ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਸ਼ਨੀਵਾਰ ਨੂੰ ਹੋਵੇਗੀ। ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਆਈਪੀਐਲ ਦੀਆਂ ਦੋ ਵੱਡੀਆਂ ਟੀਮਾਂ ਮੁੰਬਈ ਇੰਡੀਅਨਜ਼ ਅਤੇ ਚੇਨੰਈ ਸੁਪਰ ਕਿੰਗਜ਼ ਆਹਮੋ ਸਾਹਮਣੇ ਹੋਣਗੀਆਂ।

ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿਚ ਇਹ ਮੁਕਾਬਲਾ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ ਸੱਤ ਵਜੇ ਸ਼ੁਰੂ ਹੋਵੇਗਾ। ਇਸ ਵਾਰ ਆਈਪੀਐਲ ਕੋਰੋਨਾ ਮਹਾਂਮਾਰੀ ਕਾਰਨ ਬਿਲਕੁੱਲ ਵੱਖਰੇ ਤਰੀਕੇ ਨਾਲ ਆਯੋਜਿਤ ਹੋ ਰਿਹਾ ਹੈ ਜਿਸ ਮੁਤਾਬਕ ਮੈਚ ਨੂੰ ਵੇਖਣ ਲਈ ਸਟੇਡੀਅਮ ਵਿਚ ਦਰਸ਼ਕ ਨਹੀਂ ਹੋਣਗੇ ਅਤੇ ਪੂਰੇ ਟੂਰਨਾਮੈਂਟ ਦੇ ਮੈਚ ਖਾਲ੍ਹੀ ਸਟੇਡੀਅਮ ਵਿਚ ਹੀ ਖੇਡੇ ਜਾਣਗੇ। ਇਸ ਤੋਂ ਇਲਾਵਾ ਸਖਤ ਸਿਹਤ ਸੁਰੱਖਿਆ ਪ੍ਰੋਟੋਕਾਲ ਕਾਰਨ ਇੰਡੀਅਨ ਪ੍ਰੀਮਿਅਰ ਲੀਗ ਦੇ 13ਵੇਂ ਸੀਜਨ ਵਿਚ ਮੀਡੀਆ ਕਰਮੀਆਂ ਦੇ ਸਟੇਡੀਅਮ ਵਿਚ ਜਾਣ ਦੀ ਆਗਿਆ ਨਹੀਂ ਹੋਵੇਗੀ ਜਿਸ ਕਰਕੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਵਰਚੂਅਲ ਤਰੀਕੇ ਨਾਲ ਹੋਵੇਗੀ।

ਉੱਥੇ ਹੀ ਇਸ ਵਾਰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੇਨੰਈ ਸੁਪਰ ਕਿੰਗਜ਼ ਨੂੰ ਦੋ ਵੱਡੇ ਝਟਕੇ ਲੱਗੇ ਹਨ। ਟੀਮ ਦੇ ਦੋ ਵੱਡੇ ਖਿਡਾਰੀ ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਆਪਣੇ ਨਿੱਜੀ ਕਾਰਨਾਂ ਕਰਕੇ ਇਹ ਆਈਪੀਐਲ ਨਹੀਂ ਖੇਡਣਗੇ। ਇਸ ਲਈ ਕਪਤਾਨ ਮਹਿੰਦਰ ਸਿੰਘ ਧੋਨੀ ਅੱਗੇ ਇਨ੍ਹਾਂ ਖਿਡਾਰੀਆਂ ਦੀ ਕਮੀ ਨੂੰ ਪੂਰਾ ਕਰਨਾ ਇਕ ਵੱਡੀ ਚੁਣੋਤੀ ਹੋਵੇਗੀ। ਹਾਲਾਂਕਿ ਮੰਨਿਆ ਇਹ ਜਾ ਰਿਹਾ ਹੈ ਕਿ ਰੈਨਾ ਦੀ ਥਾਂ ਕੇਦਾਰ ਜਾਦਵ ਨੂੰ ਟੀਮ ਵੱਲੋਂ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਦੂਜੇ ਪਾਸੇ ਮੁੰਬਈ ਇੰਡੀਅਨਜ਼ ਨੇ ਵੀ ਯੂਏਈ ਵਿਚ ਆਈਪੀਐਲ 2014 ਦੇ ਪਹਿਲੇ ਪੜਾਅ ਦੇ ਪੰਜ ਮੁਕਾਬਲੇ ਗਵਾਏ ਸਨ। ਅਜਿਹੇ ਵਿਚ ਮੁੰਬਈ ਕੋਲ ਵੀ ਯੂਏਈ ਵਿਚ ਪਹਿਲੀ ਜਿੱਤ ਹਾਸਲ ਕਰਨੀ ਇਕ ਚੁਣੌਤੀ ਹੋਵੇਗੀ।

 

LEAVE A REPLY