ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਆਈਪੀਐਲ 2020 ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੇਨੰਈ ਸੁਪਰ ਕਿੰਗਜ਼ ਦਾ ਸਾਥ ਛੱਡ ਕੇ ਭਾਰਤ ਆਏ ਸੁਰੇਸ਼ ਰੈਨਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਪਰ ਇਸੇ ਵਿਚਾਲੇ ਅੱਜ ਮੰਗਲਵਾਰ ਨੂੰ ਸੁਰੇਸ਼ ਰੈਨਾ ਨੇ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਨੂੰ ਆਪਣੀ ਭੂਆ ਦੇ ਘਰ ਉੱਤੇ ਹਮਲਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਦਰਅਸਲ ਰੈਨਾ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਪੰਜਾਬ ਵਿਚ ਮੇਰੇ ਪਰਿਵਾਰ ਨਾਲ ਜੋ ਹੋਇਆ ਉਹ ਭਿਆਨਕ ਤੋਂ ਵੀ ਪਰ੍ਹੇ ਸੀ। ਮੇਰੇ ਫੂਫਾ ਦੀ ਉਸ ਸਮੇਂ ਮੌਤ ਹੋ ਗਈ ਸੀ। ਮੇਰੀ ਭੂਆ ਅਤੇ ਮੇਰੇ ਚਚੇਰੇ ਭਰਾਵਾਂ ਨੂੰ ਵੀ ਗੰਭੀਰ ਸੱਟਾਂ ਆਈਆਂ ਸਨ। ਬਦਕਿਸਮਤੀ ਨਾਲ, ਜ਼ਿੰਦਗੀ ਨਾਲ ਸੰਘਰਸ਼ ਕਰਦਿਆਂ, ਕੱਲ੍ਹ ਰਾਤ ਮੇਰੇ ਭਰਾ ਨੇ ਵੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਮੇਰੀ ਮਾਸੀ ਅਜੇ ਵੀ ਗੰਭੀਰ ਹਾਲਤ ਵਿਚ ਹੈ”। ਰੈਨਾ ਨੇ ਇਕ ਦੂਜੇ ਟਵੀਟ ਵਿਚ ਕਿਹਾ ਕਿ ”ਹੁਣ ਤੱਕ ਸਾਨੂੰ ਪਤਾ ਨਹੀਂ ਚੱਲਿਆ ਕਿ ਉਸ ਰਾਤ ਹੋਇਆ ਕੀ ਸੀ। ਮੈਂ ਪੰਜਾਬ ਪੁਲਿਸ ਨੂੰ ਅਪੀਲ ਕਰਦਾਂ ਹਾਂ ਕਿ ਉਹ ਇਸ ਮਾਮਲੇ ਨੂੰ ਵੇਖਣ। ਅਸੀ ਇਹ ਜਾਣਨ ਦਾ ਅਧਿਕਾਰ ਰੱਖਦੇ ਹਾਂ ਕਿ ਉਨ੍ਹਾਂ ਨਾਲ ਇਹ ਕਿਸ ਨੇ ਕੀਤਾ। ਉਨ੍ਹਾਂ ਅਪਰਾਧੀਆਂ ਨੂੰ ਹੋਰ ਜ਼ਿਆਦਾ ਅਪਰਾਧ ਕਰਨ ਦੇ ਲਈ ਛੱਡਿਆ ਨਹੀਂ ਜਾਣਾ ਚਾਹੀਦਾ। ਰੈਨਾ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਅਪਰਾਧੀਆਂ ਨੂੰ ਤੁਰੰਤ ਫੜ ਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ”।

ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਪਠਾਨਕੋਟ ਦੇ ਮਾਧੇਪੂਰ ਖੇਤਰ ਅਧਿਨ ਪੈਂਦੇ ਥਾਰਿਆਲ ਪਿੰਡ ਵਿਚ ਅਣਪਛਾਤੇ ਹਮਲਾਵਰਾਂ ਨੇ ਸੁਰੇਸ਼ ਰੈਨਾ ਦੀ ਭੂਆ ਦੇ ਘਰ ਉੱਤੇ ਹਮਲਾ ਕਰ ਦਿੱਤਾ ਸੀ। ਹਮਲੇ ਵਿਚ ਸੁਰੇਸ਼ ਰੈਨਾ ਦੇ ਫੂਫਾ ਦੀ ਮੌਤ ਹੋ ਗਈ ਸੀ ਜਦਕਿ ਪਰਿਵਾਰ ਦੇ ਬਾਕੀ ਮੈਂਬਰ ਗੰਭੀਰ ਰੂਪ ਨਾਲ ਜਖਮੀ ਹੋ ਗਏ ਸਨ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਸੁਰੇਸ਼ ਰੈਨਾ ਆਈਪੀਐਲ ਨੂੰ ਆਪਣੇ ਰਿਸ਼ਤੇਦਾਰ ਦੀ ਹੱਤਿਆ ਹੋਣ ਕਾਰਨ ਛੱਡੇ ਕੇ ਦੇਸ਼ ਵਾਪਸ ਆ ਗਏ ਸਨ ਪਰ ਹੁਣ ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਯੂਏਈ ਵਿਚ ਹੋਟਲ ਦੇ ਕਮਰੇ ਨੂੰ ਲੈ ਕੇ ਉਨ੍ਹਾਂ ਦੀ ਚੇਨੰਈ ਸੁਪਰ ਕਿੰਗਜ਼ ਦੇ ਪ੍ਰਬੰਧਕ ਨਾਲ ਵਿਵਾਦ ਹੋ ਗਿਆ ਸੀ ਜਿਸ ਕਰਕੇ ਉਹ ਭਾਰਤ ਵਾਪਸ ਪਰਤ ਆਏ।

LEAVE A REPLY