ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕਾਂਗਰਸ ਪਾਰਟੀ ਦੀ ਅਗਵਾਈ ਦੇ ਮੁੱਦੇ ਉੱਤੇ ਚੱਲ ਰਹੀ ਚਰਚਾ ਵਿਚਾਲੇ ਭਲਕੇ ਕਾਂਗਰਸ ਵਰਕਿੰਗ ਕਮੇਟੀ(CWC) ਦੀ ਮੀਟਿੰਗ ਹੋਵੇਗੀ। ਇਹ ਮੀਟਿੰਗ ਸਵੇਰੇ 11 ਵਜੇ ਵੀਡੀਓ  ਕਾਨਫਰੰਸਿੰਗ ਦੇ ਜਰੀਏ ਕੀਤੀ ਜਾਵੇਗੀ ਪਰ ਮੀਟਿੰਗ ਤੋਂ ਪਹਿਲਾਂ ਹੀ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਆਪਣੀ ਪ੍ਰਧਾਨਗੀ ਦੇ ਅਹੁੱਦੇ ਤੋਂ ਅਸਤੀਫਾ ਦੇ ਸਕਦੀ ਹੈ ਅਤੇ ਨਵਾਂ ਪਾਰਟੀ ਪ੍ਰਧਾਨ ਚੁਣਿਆ ਜਾ ਸਕਦਾ ਹੈ।

ਦਰਅਸਲ ਸੋਨੀਆ ਗਾਂਧੀ 2019 ਦੀਆਂ ਆਮ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਮਗਰੋਂ ਅੰਤਰਿਮ ਪ੍ਰਧਾਨ ਚੁਣੀ ਗਈ ਸੀ ਅਤੇ ਹੁਣ ਖਬਰਾਂ ਇਹ ਆ ਰਹੀਆਂ ਹਨ ਕਿ ਇੱਕ ਸਾਲ ਪੂਰਾ ਹੋਣ ਕਰਕੇ ਉਹ ਭਲਕੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਪ੍ਰਧਾਨਗੀ ਦੇ ਅਹੁੱਦੇ ਤੋਂ ਅਸਤੀਫਾ ਦੇ ਸਕਦੀ ਹੈ। ਉੱਥੇ ਹੀ ਪ੍ਰਧਾਨਗੀ ਦੇ ਮੁੱਦੇ ਉੱਤੇ ਪਾਰਟੀ ਵਿਚ ਵੱਖੋ-ਵੱਖਰੇ ਸੂਰ ਸੁਣਨ ਨੂੰ ਮਿਲ ਰਹੇ ਹਨ। ਪਾਰਟੀ ਦਾ ਇਕ ਧੜਾ ਅਗਵਾਈ ਸਮੇਤ ਵੱਡੇ ਪੱਧਰ ਉੱਤੇ ਬਦਲਾਅ ਦੀ ਮੰਗ ਕਰ ਰਿਹਾ ਹੈ ਪਰ ਦੂਜਾ ਧੜਾ ਗਾਂਧੀ ਪਰਿਵਾਰ ਦੀ ਅਗਵਾਈ ਨੂੰ ਚੁਣੋਤੀ ਦੇਣ ਨੂੰ ਗਲਤ ਦੱਸ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਸਾਬਕਾ ਮੰਤਰੀਆਂ ਅਤੇ ਆਗੂਆਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪਾਰਟੀ ਦੇ ਢਾਂਚੇ ਅਤੇ ਅਗਵਾਈ ਵਿਚ ਬਦਲਾਅ ਕਰਨ ਲਈ ਪੱਤਰ ਵੀ ਲਿਖਿਆ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਾਂਧੀ ਪਰਿਵਾਰ ਦੀ ਅਗਵਾਈ ਨੂੰ ਚੁਣੋਤੀ ਦੇਣ ਦਾ ਵਿਰੋਧ ਕੀਤਾ ਹੈ।

ਸੀਐਮ ਕੈਪਟਨ ਨੇ ਕਿਹਾ ਹੈ ਕਿ ਇਹ ਸਮਾਂ ਇਸ ਤਰ੍ਹਾਂ ਦੇ ਮੁੱਦੇ ਚੁੱਕਣ ਦਾ ਨਹੀਂ ਹੈ ਬਲਕਿ ਹੁਣ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਰੁੱਧ ਮਜ਼ਬੂਤ ਵਿਰੋਧੀ ਧੀਰ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸੋਨੀਆ ਗਾਂਧੀ ਨੂੰ, ਜਿੰਨਾ ਚਿਰ ਉਹ ਚਾਹੁੰਦੇ ਹਨ ਕਾਂਗਰਸ ਦੀ ਅਗਵਾਈ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਅੱਗੇ ਰਾਹੁਲ ਗਾਂਧੀ ਨੂੰ ਅਹੁਦਾ ਸੰਭਾਲਣਾ ਚਾਹੀਦਾ ਹੈ, ਕਿਉਂਕਿ ਉਹ ਪਾਰਟੀ ਦੀ ਅਗਵਾਈ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ।

LEAVE A REPLY