ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਭਾਰਤੀ ਰੇਲਵੇ 1 ਮਈ ਤੋਂ ਹੁਣ ਤੱਕ 2600 ਲੇਬਰ ਸਪੈਸ਼ਲ ਟਰੇਨਾਂ ਚਲਾ ਚੁੱਕਿਆ ਹੈ ਜਿਸ ਰਾਹੀਂ 35 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਹੈ ਅਤੇ ਅਗਲੇ 10 ਦਿਨਾਂ ਵਿਚ ਹੋਰ 2600 ਲੇਬਰ ਸਪੈਸ਼ਲ ਟਰੇਨਾਂ ਨੂੰ ਚਲਾਉਣ ਦੀ ਯੋਜਨਾ ਬਣਾਈ ਗਈ ਹੈ ਜਿਸ ਰਾਹੀਂ 36 ਲੱਖ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਟਿੱਚਾ ਰੱਖਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਭਾਰਤੀ ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।

ਵਿਨੋਦ ਕੁਮਾਰ ਨੇ ਦੱਸਿਆ ਹੈ ਕਿ ਆਮ ਸਥਿਤੀ ਵੱਲ ਪਰਤਨ ਦੀ ਕੋਸ਼ਿਸ਼ ਵਿਚ ਰੇਲ ਮੰਤਰਾਲਾ 1 ਜੂਨ ਤੋਂ 200 ਮੇਲ ਐਕਸਪ੍ਰੈਸ ਟਰੇਨਾਂ ਚਲਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਔਸਤਨ ਪ੍ਰਤੀਦਿਨ 260 ਲੇਬਰ ਸਪੈਸ਼ਲ ਟਰੇਨਾਂ ਚਲਾਈ ਜਾ ਰਹੀਆਂ ਹਨ ਅਤੇ ਹਰ ਰੋਜ਼ ਤਿੰਨ ਲੱਖ ਮਜ਼ਦੂਰ ਇਸ ਦਾ ਲਾਭ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਸੂਬਾ ਸਰਕਾਰ ਤੋਂ ਸਾਨੂੰ ਬੇਨਤੀ ਮਿਲਦੀ ਹੈ ਤਾਂ ਅਸੀ ਹਰ ਸੂਬੇ ਵਿਚਾਲੇ ਕਿਸੇ ਵੀ ਸਪੈਸ਼ਲ ਟਰੇਨ ਨੂੰ ਚਲਾਉਣ ਦੇ ਲਈ ਤਿਆਰ ਹਾਂ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਲੇਬਰ ਸਪੈਸ਼ਲ ਟਰੇਨਾਂ ਵਿਚ ਯਾਤਰਾ ਕਰਨ ਵਾਲੇ 80 ਫ਼ੀਸਦੀ ਮਜ਼ਦੂਰ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਸੰਬੰਧ ਰੱਖਦੇ ਹਨ ਅਤੇ ਇਨ੍ਹਾਂ ਟਰੇਨਾਂ ਵਿਚ ਸਾਰੇ ਯਾਤਰੀਆਂ ਨੂੰ ਮੁਫ਼ਤ ਭੋਜਨ ਅਤੇ ਪੀਣ ਦਾ ਪਾਣੀ ਉੱਪਲਬਧ ਕਰਵਾਇਆ ਜਾ ਰਿਹਾ ਹੈ ਨਾਲ ਹੀ ਟਰੇਨਾਂ ਅਤੇ ਸਟੇਸ਼ਨਾਂ ਵਿਚ ਕੋਰੋਨਾ ਦੇ ਮੱਦੇਨਜ਼ਰ ਸੋਸ਼ਲ ਡਿਸਟੈਂਸਿੰਗ ਅਤੇ ਸਫ਼ਾਈ ਦੇ ਨਿਯਮਾਂ ਦੀ ਖਾਸ ਤੌਰ ਉੱਤੇ ਪਾਲਣ ਕੀਤੀ ਜਾ ਰਹੀ ਹੈ। ਵਿਨੋਦ ਕੁਮਾਰ ਮੁਤਾਬਕ ਰੇਲਵੇ ਦੇ 17 ਹਸਪਤਾਲਾਂ ਨੂੰ ਕੋਵਿਡ ਕੇਅਰ ਸੈਂਟਰ ਦੋ ਤੌਰ ਉੱਤੇ ਵਿਕਸਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਦੇ 5 ਹਜ਼ਾਰ ਡੱਬੇ ਵੀ 80 ਹਜ਼ਾਰ ਬਿਸਤਰਿਆਂ ਨਾਲ ਕੋਵਿਡ ਦੇਖਭਾਲ ਕੇਂਦਰਾਂ ਵਿਚ ਬਦਲ ਦਿੱਤੇ ਗਏ ਹਨ ਪਰ ਇਨ੍ਹਾਂ ਵਿਚੋਂ ਕੁੱਝ ਦੀ ਵਰਤੋਂ ਅਜੇ ਨਹੀਂ ਹੋ ਰਹੀ ਸੀ ਇਸ ਲਈ 50 ਫ਼ੀਸਦੀ ਡੱਬਿਆਂ ਨੂੰ ਮਜ਼ਦੂਰ ਸਪੈਸ਼ਲ ਟਰੇਨਾਂ ਦੇ ਲਈ ਵਰਤਿਆ ਗਿਆ ਹੈ।

LEAVE A REPLY