ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਕਾਂਗਰਸੀ ਆਗੂ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਬੁੱਧਵਾਰ ਨੂੰ ਕੋਰੋਨਾ ਸੰਕਟ ਉੱਤੇ ਦੋ ਅੰਤਰਰਾਸ਼ਟਰੀ ਸਿਹਤ ਮਾਹਰਾਂ ਨਾਲ ਗੱਲਬਾਤ ਕੀਤੀ ਹੈ। ਇਹ ਦੋਵੇਂ ਮਾਹਰ ਹਰਵਰਡ ਯੂਨੀਵਰਸਿਟੀ ਤੋਂ ਪ੍ਰੋਫੈਸ਼ਰ ਅਸ਼ੀਸ਼ ਝਾ ਅਤੇ ਸਵੀਡਨ ਦੇ ਕੈਰੋਲਿੰਸਕਾ ਇੰਸਟੀਚਿਊਟ ਦੇ ਪ੍ਰੋਫੈਸਰ ਜੋਹਾਨ ਗਿਸੀਕ ਸਨ। ਰਾਹੁਲ ਗਾਂਧੀ ਨੇ ਇਨ੍ਹਾਂ ਨਾਲ ਕੋਰੋਨਾ ਮਹਾਂਮਾਰੀ ਦੀ ਵੈਕਸੀਨ ਅਤੇ ਕੋਰੋਨਾ ਦੇ ਸਿਹਤ ਉੱਤੇ ਪ੍ਰਭਾਵਾਂ ਸੰਬੰਧੀ ਚਰਚਾ ਕੀਤੀ ਹੈ।

ਮਾਹਰਾਂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ”ਹੁਣ ਲੋਕਾਂ ਦੀ ਜੀਵਨ ਬਦਲਣ ਵਾਲਾ ਹੈ। ਅਮਰੀਕਾ ਵਿਚ 11 ਸਤੰਬਰ 2001 ਦੇ ਅੱਤਵਾਦੀ ਹਮਲੇ ਨੂੰ ਨਵਾਂ ਅਧਿਆਇ ਕਿਹਾ ਜਾਂਦਾ ਹੈ ਪਰ ਕੋਵਿਡ-19 ਪੂਰੀ ਨਵੀਂ ਕਿਤਾਬ ਹੀ ਹੋਵੇਗੀ”। ਉਨ੍ਹਾਂ ਨੇ ਪ੍ਰੋਫੈਸਰ ਆਸ਼ੀਸ਼ ਨੂੰ ਜਦੋਂ ਇਹ ਸਵਾਲ ਕੀਤਾ ਕਿ ਇਹ ਦੱਸੋਂ ਵੈਕਸੀਨ ਕਦੋਂ ਤੱਕ ਆਵੇਗੀ? ਤਾਂ ਉਨ੍ਹਾਂ ਨੇ ਜਵਾਬ ਦਿੰਦਿਆ ਕਿਹਾ ਕਿ ”ਦੋ ਤਿੰਨ ਵੈਕਸੀਨ ਹਨ ਜੋ ਕੰਮ ਕਰ ਸਕਦੀਆਂ ਨੇ, ਇਸ ਵਿਚੋਂ ਇਕ ਅਮਰੀਕਾ ਦੀ ਹੈ, ਇਕ ਚੀਨ ਦੀ ਅਤੇ ਇਕ ਆਕਸਫਾਰਡ ਦੀ ਹੈ ਪਰ ਹੋ ਸਕਦਾ ਹੈ ਤਿੰਨੋਂ ਕੰਮ ਨਾ ਕਰਨ ਅਤੇ ਤਿੰਨੋਂ ਕੰਮ ਵੀ ਕਰ ਜਾਣ”। ਉਨ੍ਹਾਂ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਦਵਾਈ ਅਗਲੇ ਸਾਲ ਤੱਕ ਕਿਤੇ ਨਾ ਕਿਤੇ ਤੋਂ ਆ ਹੀ ਜਾਵੇਗੀ। ਪ੍ਰੋਫੈਸਰ ਝਾ ਨੇ ਰਾਹੁਲ ਗਾਂਧੀ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਕੋਰੋਨਾ ਇਕ ਜਾਂ ਡੇਢ ਸਾਲ ਦੀ ਸਮੱਸਿਆ ਨਹੀਂ ਹੈ ਬਲਕਿ ਇਸ ਤੋਂ 2021 ਵਿਚ ਵੀ ਛੁੱਟਕਾਰਾ ਨਹੀਂ ਮਿਲਣ ਵਾਲਾ ਹੈ।ਇਸ ਲਈ ਹਾਈ ਰਿਸਕ ਵਾਲੇ ਇਲਾਕਿਆਂ ਵਿਚ ਟੈਸਟਿੰਗ ਵਧਾਉਣ ਦੀ ਜ਼ਰੂਰਤ ਹੈ। ਦੂਜੇ ਪਾਸੇ ਪ੍ਰੋਫੈਸਰ ਜੋਹਾਨ ਦਾ ਕਹਿਣਾ ਸੀ ਕਿ ਭਾਰਤ ਵਿਚ ਸਾਫਟ ਲਾਕਡਾਊਨ ਹੋਣਾ ਚਾਹੀਦਾ ਹੈ ਜੇਕਰ ਲਾਕਡਾਊਨ ਸਖ਼ਤ ਹੋਵੇਗਾ ਤਾਂ ਅਰਥਵਿਵਸਥਾ ਜਲਦੀ ਬਰਾਬਾਦ ਹੋ ਜਾਵੇਗੀ। ਦੱਸ ਦਈਏ ਕਿ ਰਾਹੁਲ ਗਾਂਧੀ ਕੋਰੋਨਾ ਅਤੇ ਉਸ ਦੇ ਆਰਥਿਕ ਅਸਰ ਉੱਤੇ ਵੱਖ-ਵੱਖ ਖੇਤਰਾਂ ਦੇ ਦੇਸ਼ ਵਿਦੇਸ਼ਾਂ ਦੇ ਮਾਹਰਾਂ ਨਾਲ ਚਰਚਾ ਕਰ ਰਹੇ ਹਨ। ਉਨ੍ਹਾਂ ਨੇ ਇਸ ਦੀ ਸ਼ੁਰੂਆਤ 30 ਅਪ੍ਰੈਲ ਨੂੰ ਆਰਬੀਆਈ ਦੇ ਸਾਬਕਾ ਗਵਰਨਰ ਰਗੁਰਾਮ ਰਾਜਨ ਨਾਲ ਚਰਚਾ ਕਰਕੇ ਕੀਤੀ ਸੀ। ਇਸੇ ਕੜੀ ਵਿਚ ਉਹ 5 ਮਈ ਨੂੰ ਨੋਬੇਲ ਵਿਜੇਤਾ ਅਰਥਸਾਸ਼ਤਰੀ ਅਭਿਜੀਤ ਬੈਨਰਜੀ ਨਾਲ ਵੀ ਗੱਲਬਾਤ ਕਰ ਚੁੱਕੇ ਹਨ।

LEAVE A REPLY