ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਸ ਸਾਲ ਜੁਲਾਈ ਦੇ ਅਖੀਰ ਵਿਚ ਫਰਾਂਸ ਤੋਂ ਭਾਰਤ ਪਹੁੰਚੇ ਪੰਜ ਰਾਫੇਲ ਲੜਾਕੂ ਜਹਾਜ਼ ਅੱਜ ਵੀਰਵਾਰ ਨੂੰ ਅਧਿਕਾਰਕ ਤੌਰ ਉੱਤੇ ਭਾਰਤੀ ਹਵਾਈ ਫੌਜ ਦਾ ਹਿੱਸਾ ਬਣ ਗਏ ਹਨ।

ਦਰਅਸਲ ਅੰਬਾਲਾ ਏਅਰਬੇਸ ਉੱਤੇ ਰਾਫੇਲ ਜਹਾਜ਼ਾਂ ਨੂੰ ਰਸਮੀ ਤੌਰ ‘ਤੇ ਹਵਾਈ ਫੌਜ ਵਿਚ ਸ਼ਾਮਲ ਕਰਨ ਲਈ ਸਮਾਗਮ ਕਰਵਾਇਆ ਗਿਆ ਹੈ ਜਿਸ ਵਿਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫਰਾਂਸ ਦੀ ਰੱਖਿਆ ਮੰਤਰੀ ਫਲਾਰੇਂਸ ਪਰਲੀ, ਸੀਡੀਐਸ ਚੀਫ ਜਨਰਲ ਬਿਪਿਨ ਰਾਵਤ ਅਤੇ ਏਅਰਫੋਰਸ ਚੀਫ ਆਰਕੇ ਐਸ ਭਦੌਰੀਆ ਸਮੇਤ ਵੱਡੇ ਅਧਿਕਾਰੀ ਸ਼ਾਮਲ ਹੋਏ ਹਨ।

ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਉੱਤੇ ਫਰਾਸ ਦੀ ਰੱਖਿਆ ਮੰਤਰੀ ਫਲੋਰੇਂਸ ਪਰਲੀ ਅੱਜ ਸਵੇਰੇ ਦਿੱਲੀ ਏਅਰਪੋਰਟ ਉੱਤੇ ਪਹੁੰਚੀ ਅਤੇ ਉੱਥੋਂ ਉਹ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਅੰਬਾਲਾ ਏਅਰਬੇਸ ਉੱਤੇ ਰਵਾਨਾ ਹੋ ਗਈ। ਦੋਵਾਂ ਦੇ ਅੰਬਾਲਾ ਏਅਰਬੇਸ ਪਹੁੰਚਣ ਮਗਰੋਂ  ਰਾਫੇਲ ਜਹਾਜ਼ਾਂ ਨੂੰ ਏਅਰਫੋਰਸ ਵਿਚ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਜਿਸ ਤਹਿਤ ਸੱਭ ਤੋਂ ਪਹਿਲਾਂ ਸਾਰੇ ਧਰਮਾਂ ਦੇ ਗੁਰੂਆਂ ਨੇ ਪਹਿਲਾ ਪੂਜਾ ਅਤੇ ਪ੍ਰਾਰਥਨਾ ਕੀਤੀ ਅਤੇ ਸ਼ਾਂਤੀ ਦੀ ਦੁਆਵਾਂ ਮੰਗਣ ਦੇ ਨਾਲ ਦੇਸ਼ ਦੇ ਜਵਾਨਾਂ ਦੀ ਸਲਾਮਤੀ ਵਾਸਤੇ ਅਰਦਾਸ ਕੀਤੀ। ਅਰਦਾਸ ਤੋਂ ਬਾਅਦ ਰਾਫੇਲ ਜਹਾਜ਼ਾਂ ਨੇ ਹਵਾ ਵਿਚ ਆਪਣੇ ਕਰਤਬ ਵਿਖਾਏ ਅਤੇ ਫਿਰ ਪੰਜੇ ਰਾਫੇਲ ਜਹਾਜ਼ਾਂ ਨੂੰ ਵਾਟਰ ਕੈਨਨ ਦੀ ਜਰੀਏ ਸੈਲੂਟ ਕੀਤਾ ਗਿਆ। ਸਾਰੀ ਪ੍ਰਕਿਰਿਆਵਾਂ ਪੂਰੀ ਹੋਣ ਤੋਂ ਬਾਅਦ ਰਾਫੇਲ ਜਹਾਜ਼ ਹਵਾਈ ਫੌਜ ਦੀ 17ਵੀਂ ਸੁਕਐਡਰਨ ਗੋਲਡਨ ਐਰੋ ਵਿਚ ਸ਼ਾਮਲ ਹੋ ਗਏ।

ਦੱਸ ਦਈਏ ਕਿ ਸਾਲ 2016 ਵਿਚ ਭਾਰਤ ਨੇ ਫਰਾਂਸ ਨਾਲ 59 ਹਜ਼ਾਰ ਕਰੋੜ ਰੁਪਏ ਵਿਚ 36 ਰਾਫੇਲ ਲੜਾਕੂ ਜਹਾਜ਼ਾਂ ਨੂੰ ਖਰੀਦਣ ਦਾ ਸੌਦਾ ਕੀਤਾ ਸੀ। ਇਨ੍ਹਾਂ 36 ਜਹਾਜ਼ਾਂ ਵਿਚ 30 ਲੜਾਕੂ ਸਮਰੱਥਾ ਵਾਲੇ ਹਨ, ਜਦਕਿ 6 ਦਹੁਰੀ ਸੀਟ ਵਾਲੇ ਟ੍ਰੇਨਿੰਗ ਜਹਾਜ਼ ਹਨ। ਰਾਫੇਲ ਜਹਾਜ਼ਾਂ ਦੇ ਏਅਰਫੋਰਸ ਵਿਚ ਸ਼ਾਮਲ ਹੋਣ ਨਾਲ ਹਵਾਈ ਫੌਜ ਨੂੰ ਨਵੀਂ ਮਜ਼ਬੂਤੀ ਮਿਲੇਗੀ।

LEAVE A REPLY