ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਕਿਸਾਨਾਂ ਦੁਆਰਾ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਜਪਾ ਨੂੰ ਛੱਡੇ ਕੇ ਸੂਬੇ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਇਨ੍ਹਾਂ ਬਿੱਲਾਂ ਦੋ ਵਿਰੋਧ ਵਿਚ ਉੱਤਰ ਆਈਆਂ ਹਨ ਇਸੇ ਤਹਿਤ ਅੱਜ ਐਤਵਾਰ ਨੂੰ ਬਿੱਲਾਂ ਦੇ ਖਿਲਾਫ ਪੰਜਾਬ ਯੂਥ ਕਾਂਗਰਸ ਨੇ ਟਰੈਕਟਰਾਂ ਉੱਤੇ ਦਿੱਲੀ ਵੱਲ ਨੂੰ ਕੂਚ ਕੀਤਾ ਹੈ।

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਅਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਖੇਤੀ ਬਿੱਲਾਂ ਵਿਰੁੱਧ ਰੋਸ ਜ਼ਾਹਰ ਕਰਨ ਲਈ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ। ਯੂਥ ਕਾਂਗਰਸ ਦੇ ਵਰਕਰ ਵੱਡੀ ਗਿਣਤੀ ਵਿੱਚ ਟਰੈਕਟਰਾਂ ਉੱਤੇ ਸਵਾਰ ਹੋ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ।

ਦਿੱਲੀ ਪਹੁੰਚ ਕੇ ਯੂਥ ਕਾਂਗਰਸ ਦੁਆਰਾ ਸੰਸਦ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਯੂਥ ਕਾਂਗਰਸ ਦੀ ਮੰਗ ਹੈ ਕਿ ਇਨ੍ਹਾਂ ਬਿੱਲਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।

ਦੱਸ ਦਈਏ ਕਿ ਪੰਜਾਬ ਵਿਚ ਸਾਰੀਆਂ ਕਿਸਾਨ ਜੱਥੇਬੰਦੀਆਂ ਅਤੇ ਭਾਜਪਾ ਨੂੰ ਛੱਡ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਇਨ੍ਹਾਂ ਬਿੱਲਾਂ ਦੇ ਵਿਰੋਧ ਵਿਚ ਆ ਚੁੱਕੀਆਂ ਹਨ ਅਤੇ ਕੇਂਦਰ ਸਰਕਾਰ ਨੂੰ ਇਹ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੀਆਂ ਹਨ।

ਖੇਤੀਬਾੜੀ ਨਾਲ ਸਬੰਧਿਤ ਇਹ ਤਿੰਨੇ ਬਿੱਲ ਲੋਕ ਸਭਾ ਵਿਚੋਂ ਪਾਸ ਹੋ ਚੁੱਕੇ ਹਨ ਅਤੇ ਅੱਜ ਰਾਜਸਭਾ ਵਿਚ ਇਨ੍ਹਾਂ ਬਿੱਲਾਂ ਨੂੰ ਪੇਸ਼ ਕੀਤਾ ਜਾ ਚੁੱਕਿਆ ਹੈ। ਸਰਕਾਰ ਦੀ ਕੋਸ਼ਿਸ਼ ਬਿੱਲਾਂ ਨੂੰ ਰਾਜਸਭਾ ਵਿਚੋਂ ਵੀ ਪਾਸ ਕਰਵਾਉਣ ਦੀ ਹੈ ਪਰ ਉੱਥੇ ਹੀ ਸਦਨ ਵਿਚ ਵਿਰੋਧੀ ਪਾਰਟੀਆਂ ਦੇ ਸਾਂਸਦਾਂ ਨੇ ਇਨ੍ਹਾਂ ਬਿੱਲਾਂ ਦਾ ਜਮ੍ਹ ਕੇ ਵਿਰੋਧ ਕੀਤਾ ਹੈ।

 

LEAVE A REPLY