ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਨੂੰ 20 ਹਜ਼ਾਰ ਰੁਪਏ ਵਿਚ ਪਲਾਜ਼ਮਾ ਯੂਨਿਟ ਵੇਚਣ ਵਾਲੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਬੀਤੇ ਦਿਨ ਹੋਈ ਮੀਟਿੰਗ ਵਿਚ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਨਾ ਹੀ ਸੂਬੇ ਵਿਚ ਪਲਾਜ਼ਮਾ ਨੂੰ ਵੇਚਿਆ ਜਾਵੇਗਾ ਅਤੇ ਨਾ ਹੀ ਕੋਈ ਖਰੀਦ ਸਕੇਗਾ, ਬਲਕਿ ਮਰੀਜ਼ਾਂ ਨੂੰ ਪਲਾਜ਼ਮਾ ਮੁਫਤ ਮੁਹੱਈਆ ਕਰਵਾਇਆ ਜਾਵੇਗਾ।

ਦਰਅਸਲ ਪਹਿਲਾਂ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ ਠੀਕ ਹੋ ਚੁੱਕੇ ਕੋਰੋਨਾ ਮਰੀਜ਼ਾਂ ਦੁਆਰਾ ਦਾਨ ਕੀਤਾ ਪਲਾਜ਼ਮਾ ਪ੍ਰਾਈਵੇਟ ਹਸਪਤਾਲ ਲਾਗਤ ਮੁੱਲ ਉੱਤੇ ਪਲਾਜ਼ਮਾ ਬੈਂਕ ਤੋਂ ਖਰੀਦ ਸਕਦੇ ਹਨ ਜਿਸ ਲਈ ਉਨ੍ਹਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਯੂਨੀਟ ਦੇਣੇ ਪੈਣਗੇ। ਸਰਕਾਰ ਦੇ ਇਸ ਫੈਸਲੇ ਦਾ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਆਮ ਆਦਮੀ ਪਾਰਟੀ ਨੇ ਤਾਂ ਅੱਜ ਸ਼ੁੱਕਰਵਾਰ 31 ਜੁਲਾਈ ਨੂੰ ਇਸ ਫੈਸਲੇ ਦੇ ਖਿਲਾਫ ਪਟਿਆਲਾ ਵਿਚ ਮੋਤੀ ਮਹਿਲ ਦਾ ਘਿਰਾਓ ਅਤੇ ਮੁਹਾਲੀ ਵਿਚ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਸੀ। ਪਲਾਜ਼ਮਾ ਵੇਚਣ ਦੇ ਫੈਸਲੇ ਉੱਤੇੇ ਵੱਧ ਰਹੇ ਵਿਰੋਧ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਯੂ-ਟਰਨ ਲੈ ਲਿਆ ਅਤੇ ਬੀਤੇ ਦਿਨ ਹੋਈ ਮੀਟਿੰਗ ਵਿਚ ਪਲਾਜ਼ਮਾ ਮੁਫਤ ‘ਚ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਅੰਮ੍ਰਿਤਸਰ ਅਤੇ ਫਰੀਦਕੋਟ ਵਿਖੇ ਦੋ ਪਲਾਜ਼ਮਾ ਬੈਂਕ ਸਥਾਪਤ ਕਰਨ ਸਬੰਧੀ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ ਤਾਂ ਜੋ ਪਟਿਆਲਾ ਵਿਖੇ ਪਹਿਲਾਂ ਹੀ ਚੱਲ ਰਹੇ ਪਲਾਜ਼ਮਾ ਬੈਂਕ ਨੂੰ ਸਹਾਰਾ ਮਿਲ ਸਕੇ।

ਕੀ ਹੁੰਦਾ ਹੈ ਪਲਾਜ਼ਮਾ

ਦਰਅਸਲ ਠੀਕ ਹੋ ਚੁੱਕੇ ਕੋਰੋਨਾ ਮਰੀਜ਼ ਦੇ ਸਰੀਰ ਵਿਚ ਐਂਟੀਬਾਡੀ ਬਣ ਜਾਂਦੇ ਹਨ ਅਤੇ ਇਹੀਂ ਐਂਟੀਬਾਡੀ ਦੂਜੇ ਕੋਰੋਨਾ ਸੰਕਰਮਿਤ ਮਰੀਜ਼ ਵਿਚ ਕੰਮ ਆਉਂਦੇ ਹਨ ਜੋ ਕਿ ਵਾਇਰਸ ਨੂੰ ਨਸ਼ਟ ਕਰਦੇ ਹਨ। ਠੀਕ ਹੋਇਆ ਕੋਰੋਨਾ ਮਰੀਜ਼ ਆਪਣਾ ਖੂਨ ਦਾਨ ਕਰ ਸਕਦਾ ਹੈ ਅਤੇ ਉਸਦੇ ਖੂਨ ਵਿਚੋਂ ਪਲਾਜ਼ਮਾ ਕੱਢਿਆ ਜਾਂਦਾ ਹੈ। ਜਦੋਂ ਇਹ ਪਲਾਜ਼ਮਾ ਦੂਜੇ ਕੋਰੋਨਾ ਪੀੜਤ ਮਰੀਜ਼ ਨੂੰ ਦਿੱਤਾ ਜਾਂਦਾ ਤਾਂ ਉਸਦੇ ਸਰੀਰ ਵਿਚ ਐਂਟੀਬਾਡੀ ਪਹੁੰਚ ਜਾਂਦੇ ਹਨ ਜੋ ਉਸਨੂੰ ਠੀਕ ਹੋਣ ਵਿਚ ਮਦਦ ਕਰਦੇ ਹਨ। ਦੱਸ ਦਈਏ ਕਿ ਪਲਾਜ਼ਮਾ ਥੈਰੇਪੀ ਕੋਰੋਨਾ ਵਾਇਰਸ ਦਾ ਕੋਈ ਪੱਕਾ ਇਲਾਜ ਨਹੀਂ ਹੈ ਅਤੇ ਜਰੂਰੀ ਨਹੀਂ ਹੈ ਕਿ ਇਸ ਨੂੰ ਦੇਣ ਨਾਲ ਮਰੀਜ਼ ਪੂਰੀ ਤਰ੍ਹਾ ਠੀਕ ਹੋ ਜਾਵੇ ਪਰ ਬਹੁਤ ਸਾਰੇ ਕੇਸਾਂ ਵਿਚ ਇਹ ਲਾਹੇਵੰਦ ਸਾਬਤ ਵੀ ਹੋਇਆ ਹੈ।

LEAVE A REPLY