ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿੱਚ ਜਿੱਥੇ ਇੱਕ ਪਾਸੇ ਬਿਜਲੀ ਦੀਆਂ ਦਰਾਂ ਦੇ ਵਾਧੇ ਨੂੰ ਲੈ ਕੇ ਹਾਲ-ਦੁਹਾਈ ਹੈ। ਉੱਥੇ ਦੂਜੇ ਪਾਸੇ ਬਿਜਲੀ ਵਿਭਾਗ ਦੇ ਸਾਬਕਾ ਕਰਮਚਾਰੀਆਂ ਦੇ ਪਰਿਵਾਰਾਂ ਨੇ ਵੀ ਪਾਵਰਕਾਮ ਅਤੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਸ਼ੁਰੂ ਕਰ ਦਿੱਤਾ ਹੈ। ਇਸ ਸੰਬੰਧੀ ਪਟਿਆਲਾ ਦੇ ਰਾਜਪੁਰਾ ਕਾਲੋਨੀ ਸਥਿਤ ਬਿਜਲੀ ਬੋਰਡ ਕੋਲ ਬਿਜਲੀ ਵਿਭਾਗ ਦੇ ਸਾਬਕਾ ਕਰਮਚਾਰੀਆਂ ਦੇ ਪਰਿਵਾਰਿਕ ਮੈਬਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁਝ ਪਰਿਵਾਰ ਤਾਂ ਗਰਿਡ ਕੋਲ ਲੱਗਦੇ ਵਾਟਰ ਵਰਕਸ ਦੀ ਪਾਣੀ ਦੀ ਟੈਂਕੀ ‘ਤੇ ਵੀ ਚੜ੍ਹ ਗਏ।

ਇਸ ਸੰਬੰਧੀ ਗੱਲ ਕਰਦੇ ਹੋਏ ਸਾਬਕਾ ਮ੍ਰਿਤਕ ਬਿਜਲੀ ਕਰਮਚਾਰੀ ਦੇ ਵਾਰਿਸ ਅਜੇ ਸਿੰਘ ਨੇ ਦੱਸਿਆ ਕਿ, ਉਸ ਦੇ ਪਿਤਾ ਦੀ 2004 ਵਿੱਚ ਬਿਜਲੀ ਕਰਮਚਾਰੀ ਦੇ ਤੌਰ ‘ਤੇ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸਰਕਾਰੀ ਨੀਤੀ ਅਨੁਸਾਰ ਉਨ੍ਹਾਂ ਨੂੰ ਪਿਤਾ ਦੀ ਜਗ੍ਹਾ ‘ਤੇ ਨੌਕਰੀ ਮਿਲਣੀ ਚਾਹੀਦੀ ਹੈ, ਪਰ ਪੰਜਾਬ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ। ਅਜੇ ਅਨੁਸਾਰ ਪਾਵਰਕਾਮ ਵੀ ਆਪਣੇ ਵਾਅਦੇ ਤੋਂ ਮੁਕਰ ਗਈ ਹੈ।

ਅਜੇ ਮੁਤਾਬਿਕ ਇਹ ਧਰਨਾ ਜਦੋਂ ਤੱਕ ਨੌਕਰੀ ਨਹੀਂ ਮਿਲ ਜਾਂਦੀ, ਉਦੋਂ ਤੱਕ ਜਾਰੀ ਰਹਿਣ ਵਾਲਾ ਹੈ, ਜੇਕਰ ਸਰਕਾਰ ਉਨ੍ਹਾਂ ਨੂੰ ਨੌਕਰੀ ਨਹੀ ਦਿੰਦੀ ਤਾਂ ਉਹ ਟੈਂਕੀ ਤੋਂ ਛਾਲ ਮਾਰਨ ਲਈ ਮਜਬੂਰ ਹੋ ਜਾਣਗੇ। ਅਜੇ ਅਨੁਸਾਰ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਖਸਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ।

LEAVE A REPLY