ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਿਤ ਕੀਤਾ ਹੈ। ਕੋਰੋਨਾ ਸੰਕਟ ਵਿਚਾਲੇ ਪੀਐਮ ਮੋਦੀ ਦਾ ਇਹ ਛੇਵਾ ਸੰਬੋਧਨ ਸੀ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਉੱਤੇ ਬੋਲਦਿਆ ਕਿਹਾ ਹੈ ਕਿ ਭਾਰਤ ਦੀ ਸਥਿਤੀ ਬਾਕੀ ਦੇਸ਼ਾਂ ਨਾਲੋ ਵਧੀਆ ਹੈ ਅਤੇ ਲਾਕਡਾਊਨ ਦੀ ਤਰ੍ਹਾ ਹੁਣ ਵੀ ਸਾਵਧਾਨੀ ਦਿਖਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਅਧੀਨ ਗਰੀਬਾਂ ਨੂੰ ਮੁਫਤ ਰਾਸ਼ਨ ਵੰਡਣ ਦੀ  ਯੋਜਨਾ ਨਵੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ।

File photo

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ”ਇਹ ਗੱਲ ਸਹੀ ਹੈ ਕਿ ਕੋਰੋਨਾ ਨਾਲ ਹੋਣ ਵਾਲੀ ਮੌਤ ਦਰ ਨੂੰ ਦੇਖੀਏ ਤਾਂ ਦੁਨੀਆ ਦੇ ਕਈ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਸੰਭਲੀ ਹੋਈ ਸਥਿਤੀ ਵਿਚ ਹੈ। ਸਮੇਂ ਉੱਤੇ ਕੀਤੇ ਗਏ ਲਾਕਡਾਊਨ ਅਤੇ ਹੋਰ ਫੈਸਲਿਆਂ ਨੇ ਭਾਰਤ ਵਿਚ ਲੱਖਾਂ ਲੋਕਾਂ ਦਾ ਜੀਵਨ ਬਚਾਇਆ ਹੈ”। ਪੀਐਮ ਮੋਦੀ ਨੇ ਕਿਹਾ ਕਿ ”ਲਾਕਡਾਊਨ ਹੱਟਣ ਅਤੇ ਅਨਲਾਕ ਹੋਣ ਤੋਂ ਬਾਅਦ ਲਾਪਰਵਾਹੀ ਵੱਧੀ ਹੈ। ਪਹਿਲਾਂ ਮਾਸਕ ਲਗਾਉਣ ਅਤੇ 2 ਗਜ ਦੀ ਦੂਰੀ ਦੇ ਨਾਲ-ਨਲ ਹੱਥ ਧੋਣ ਨੂੰ ਲੈ ਕੇ ਅਸੀ ਸਾਵਧਾਨ ਸੀ ਪਰ ਹੁਣ ਜਦੋਂ ਧਿਆਨ ਰੱਖਣਾ ਹੈ ਤਾਂ ਅਸੀ ਲਾਪਰਵਾਹੀ ਵਰਤ ਰਹੇ ਹਾਂ। ਸਾਨੂੰ ਮੁੜ ਤੋਂ ਪਹਿਲਾਂ ਵਰਗੀ ਸਾਵਧਾਨੀ ਦਿਖਾਉਣ ਦੀ ਜ਼ਰੂਰਤ ਹੈ”। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਸਥਾਨਕ ਪ੍ਰਸ਼ਾਸਨ ਨੂੰ ਚੁਸਤੀ ਨਾਲ ਕੰਮ ਕਰਨਾ ਹੋਵੇਗਾ ਤਾਂਕਿ ਲੋਕ ਲਾਪਰਵਾਹੀ ਨਾ ਵਰਤਣ। ਭਾਰਤ ਵਿਚ ਚਾਹੇ ਪਿੰਡ ਦਾ ਪ੍ਰਧਾਨ ਹੋਵੇ ਜਾਂ ਦੇਸ਼ ਦਾ ਪ੍ਰਧਾਨਮੰਤਰੀ ਕੋਈ ਵੀ ਨਿਯਮਾਂ ਤੋਂ ਉੱਪਰ ਨਹੀਂ ਹੈ। ਪੀਐਮ ਮੋਦੀ ਅਨੁਸਾਰ ”ਲਾਕਡਾਊਨ ਹੁੰਦੇ ਹੀ ਸਰਕਾਰ ਪ੍ਰਧਾਨਮੰਤਰੀ ਗਰੀਬ ਕਲਿਆਣ ਯੋਜਨਾ ਲੈ ਕੇ ਆਈ। ਬੀਤੇ ਤਿੰਨ ਮਹੀਨਿਆਂ ਵਿਚ 20 ਕਰੋੜ ਗਰੀਬ ਪਰਿਵਾਰਾਂ ਦੇ ਜਨਧਨ ਖਾਤਿਆਂ ਵਿਚ ਸਿੱਧੇ 31 ਹਜ਼ਾਰ  ਕਰੋੜ ਰੁਪਏ ਜਮ੍ਹਾ ਕਰਵਾਏ ਗਏ ਹਨ। ਇਸ ਦੌਰਾਨ 9 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 18 ਹਜ਼ਾਰ ਕਰੋੜ ਰੁਪਏ ਜਮ੍ਹਾ ਹੋ ਚੁੱਕੇ ਹਨ”। ਪੀਐਮ ਮੋਦੀ ਨੇ ਕਿਹਾ ਕਿ ”ਭਾਰਤ ਵਿਚ 20 ਕਰੋੜ ਤੋਂ ਵੱਧ ਲੋਕਾਂ 3 ਮਹੀਨਿਆਂ ਦਾ ਰਾਸ਼ਨ ਯਾਨੀ ਪਰਿਵਾਰ ਦੇ ਹਰ ਮੈਂਬਰ ਨੂੰ 5 ਕਿਲੋ ਕਣਕ ਜਾ ਚਾਵਲ ਮੁਫਤ ਦਿੱਤਾ ਗਿਆ ਹੈ। ਅਮਰੀਕਾ ਦੀ ਕੁੱਲ ਜਨਸੰਖਿਆ ਤੋਂ ਢਾਈ ਗੁਣਾ ਵੱਧ ਲੋਕਾਂ ਨੂੰ, ਬ੍ਰਿਟੇਨ ਦੀ ਅਬਾਦੀ ਤੋਂ 12 ਗੁਣਾ ਜ਼ਿਆਦਾ ਲੋਕਾਂ ਨੂੰ ਅਤੇ ਯੂਰੋਪਿਅਨ ਯੂਨੀਅਨ ਦੀ ਆਬਾਦੀ ਤੋਂ ਦੋ ਗੁਣਾ ਤੋਂ ਜ਼ਿਆਦਾ ਲੋਕਾਂ ਨੂੰ ਸਾਡੀ ਸਰਕਾਰ ਨੇ ਮੁਫਤ ਅਨਾਜ ਦਿੱਤਾ ਹੈ ਅਤੇ ਯੋਜਨਾ ਨੂੰ ਹੁਣ 5 ਮਹੀਨੇ ਹੋਰ ਵਧਾ ਕੇ ਨਵੰਬਰ ਤੱਕ ਕੀਤਾ ਜਾ ਰਿਹਾ ਹੈ ਜਿਸ ਅਧੀਨ 5 ਕਿਲੋ ਕਣਕ ਜਾ ਚਾਵਲ ਅਤੇ ਇਕ ਕਿਲੋ ਚਣਾ ਦਿੱਤਾ ਜਾਵੇਗਾ”। ਪੀਐਮ ਮੋਦੀ ਨੇ ਦੱਸਿਆ ਹੈ ਕਿ ਇਸ ਸਕੀਮ ਨੂੰ ਨਵੰਬਰ ਤੱਕ ਲਾਗੂ ਕਰਨੇ ‘ਤੇ 90 ਹਜ਼ਾਰ ਕਰੋੜ ਦਾ ਵਾਧੂ ਖਰਚ ਆਵੇਗਾ ਅਤੇ ਜਦੋਂ ਤੋਂ ਇਹ ਯੋਜਨਾ ਸ਼ੁਰੂ ਹੋਈ ਹੈ ਉਦੋਂ ਤੋਂ ਨਵੰਬਰ ਤੱਕ ਇਸ ਦੀ ਲਾਗਤ ਡੇਢ ਲੱਖ ਕਰੋੜ ਤੱਕ ਦਾ ਹੋਵੇਗੀ।

LEAVE A REPLY