ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਆਉਣ ਵਾਲੀ 5 ਅਗਸਤ ਨੂੰ ਅਯੁੱਧਿਆ ਵਿਚ ਰਾਮਮੰਦਰ ਨਿਰਮਾਣ ਲਈ ਭੂਮੀ ਪੂਜਨ ਕੀਤਾ ਜਾਣਾ ਹੈ। ਇਸ ਸਮਾਗਮ ਵਿਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ, ਆਰਐਸਐਸ ਮੋਹਨ ਭਾਗਵਤ ਵਰਗੀਆਂ ਵੱਡੀਆਂ ਹਸਤੀਆਂ ਸ਼ਾਮਲ ਹੋਣਗੀਆਂ ਜਿਸ ਨੂੰ ਲੈ ਕੇ ਅਯੁੱਧਿਆ ਨੂੰ ਚਾਰੇ ਪਾਸਿਓ ਸੀਲ ਕਰਨ ਦੀ ਤਿਆਰੀ ਚੱਲ ਰਹੀ ਹੈ। ਇਹ ਕਦਮ ਦੋ ਵੱਡੇ ਕਾਰਨ ਕੋਰੋਨਾ ਮਹਾਂਮਾਰੀ ਅਤੇ ਪੀਐਮ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਚੁੱਕਿਆ ਜਾ ਰਿਹਾ ਹੈ ਤਾਂ ਜੋ ਜ਼ਿਆਦਾ ਲੋਕਾਂ ਦਾ ਇੱਕਠ ਨਾ ਹੋ ਸਕੇ।

ਅਯੁੱਧਿਆ ਵਿਚ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਜਾ ਰਹੇ ਹਨ। ਅਯੁੱਧਿਆ ਸਮੇਤ ਫੈਜ਼ਾਬਾਦ ਸ਼ਹਿਰ ਦੇ ਸਾਰੇ ਪ੍ਰਵੇਸ਼ ਮਾਰਗਾਂ ਉੱਤੇ ਪਿਛਲੇ ਸਮੇਂ ਕੀਤੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। 3 ਅਗਸਤ ਤੋਂ ਬਾਹਰੀ ਵਿਅਕਤੀਆਂ ਦੇ ਅਯੁੱਧਿਆ ਵਿਚ ਦਖਲ ਹੋਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਹਿਚਾਣ ਪੱਤਰ ਤੋਂ ਬਿਨਾਂ ਕਿਸੇ ਨੂੰ ਵੀ ਪ੍ਰਵੇਸ਼ ਦੀ ਆਗਿਆ ਨਹੀਂ ਹੋਵੇਗੀ। ਸਾਰੇ ਬੈਰੀਅਰਾਂ ਉੱਤੇ ਸੁਰੱਖਿਆ ਦਾ ਘੇਰਾ ਬਹੁਤ ਸਖਤ ਹੋਵੇਗਾ। ਇਸ ਦੇ ਨਾਲ ਹੀ ਅਯੁੱਧਿਆ ਨਾਲ ਲੱਗਦੇ ਅੰਬੇਡਕਰਨਗਰ, ਜਨਪਦ ਬਸਤੀ, ਗੌਡਾ, ਬਾਰਾਬੰਕੀ, ਸੁਲਤਾਨਪੁਰ, ਅਮੇਠੀ ਆਦਿ ਜ਼ਿਲ੍ਹਿਆਂ ਵਿਚ ਵੀ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਦੀ ਅਗਵਾਈ ਇਨ੍ਹਾਂ ਜ਼ਿਲ੍ਹਿਆਂ ਦੀ ਪੁਲਿਸ ਸਰਹੱਦ ਉੱਤੇ ਤਿੱਖੀ ਨਜ਼ਰ ਰੱਖੇਗੀ। ਇਸਦੇ ਨਾਲ ਹੀ ਪੀਏਸੀ, ਵਾਟਰ ਪੁਲਿਸ ਨੂੰ ਜਲ ਮਾਰਗਾਂ ਉੱਤੇ ਨਜ਼ਰ ਰੱਖਣ ਲਈ ਤਾਇਨਾਤ ਕੀਤਾ ਜਾ ਰਿਹਾ ਹੈ। ਅਯੁੱਧਿਆ ਵਿਚ ਪ੍ਰਵੇਸ਼ ਕਰਨ ਦੇ ਮੁੱਖ ਰਸਤੇ ਜਲਪੱਤਾ ਦੇਵੀ ਚੌਰਾਹਾ, ਮੋਹਬਰਾ ਬਾਈਪਾਸ, ਬੂਥ ਨੰਬਰ ਚੌਂਕ, ਰਾਮਘਾਟ, ਸਾਕੇਤ ਪੈਟਰੋਲ ਪੰਪ, ਬੰਨ੍ਹ ਤਿਰਹਾ, ਹਨੂੰਮਾਨ ਗੁਫਾ ਦੇ ਨਾਲ-ਨਾਲ ਬੈਰੀਕੇਡਿੰਗ ਅਤੇ ਹੋਰ ਛੋਟੇ ਰਸਤੇ ਸੀਲ ਕੀਤੇ ਜਾਣੇ ਹਨ। ਦੱਸ ਦਈਏ ਕਿ ਸੀਐਮ ਯੋਗੀ ਅਦਿਤਿਆਨਾਥ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਅਯੁੱਧਿਆ ਵਿਚ 5 ਅਗਸਤ ਨੂੰ ਹੋਣ ਵਾਲੇ ਭੂਮੀ ਪੂਜਨ ਦੌਰਾਨ ਲੋਕਾਂ ਨੂੰ ਇੱਕਠ ਨਾ ਕਰਨ ਦੀ ਅਪੀਲ ਕੀਤੀ ਹੈ। ਸੀਐਮ ਯੋਗੀ ਖੁਦ ਭੂਮੀ ਪੂਜਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਭਲਕੇ ਐਤਵਾਰ ਨੂੰ ਅਯੁੱਧਿਆ ਜਾ ਰਹੇ ਹਨ।

LEAVE A REPLY