ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਭਾਰਤੀ ਸਿਨੇਮਾ ਹਮੇਸ਼ਾ ਤੋਂ ਹੀ ਸੁਰਖੀਆਂ ਦਾ ਵਿਸ਼ਾ ਬਣਿਆ ਰਹਿੰਦਾ ਹੈ। ਭਾਵੇ ਫਿਲਮ ਪਦਮਾਵਤ ਹੋਵੇ ਜਾਂ ਐਕਸੀਡੈਂਟਲ ਪ੍ਰਾਈਮ ਮਨਿਸਟਰ ਹੋਵੇ। ਪਰ ਇਸ ਵਾਰ ਸੁਰਖੀਆਂ ਨਵੇਂ ਹੀ ਤਰੀਕੇ ਦੀਆਂ ਹਨ। ਭਾਰਤ ਵਿੱਚ ਜਿੱਥੇ ਇੱਕ ਪਾਸੇ “ਛਪਾਕ”  ਰਿਲੀਜ਼ ਹੋਈ ਤਾਂ ਦੂਜੇ ਪਾਸੇ ‘ਤਾਨਾਜੀ’ ਵੀ ਉਸੇ ਦਿਨ ਰਿਲੀਜ਼ ਹੋਈ ਅਤੇ ਤਾਨਾਜੀ ਦੀ ਛਪਾਕ ਨੂੰ ਚੰਗੀ ਟੱਕਰ ਦੇ ਰਹੀ ਹੈ।

‘ਛਪਾਕ’ ਫਿਲਮ ਦੀ ਜੇਕਰ ਗੱਲ ਕਰੀਏ ਤਾਂ ਪ੍ਰਸਿੱਧ ਫਿਲਮ ਅਭਿਨੇਤਰੀ ਦੀਪਿਕਾ ਪਾਦੂਕੋਣ ਦੇ ਮੁੱਖ ਕਿਰਦਾਰ ਵਾਲੀ ਇਹ ਫਿਲ਼ਮ ਤੇਜ਼ਾਬ ਪੀੜਿਤਾ ਲਕਸ਼ਮੀ ਅਗਰਵਾਲ ਦੀ ਅਸਲ ਜਿੰਦਗੀ ‘ਤੇ ਅਧਾਰਿਤ ਇੱਕ ਡਰਾਮਾ ਫਿਲਮ ਹੈ, ਜਦਕਿ ‘ਤਾਨਾਜੀ’ ਫਿਲਮ ਇੱਕ ਇਤਿਹਾਸਕ ਤੱਥਾਂ ‘ਤੇ ਅਧਾਰਿਤ ਹੈ। ਉਮੀਦ ਕੀਤੀ ਜਾ ਰਹੀ ਸੀ ਕਿ,  ਫਿਲਮ ‘ਛਪਾਕ’ ਬਾਕਸ ਆਫਿਸ ‘ਤੇ ਖੂਬ ਕਮਾਈ ਕਰੇਗੀ ਪਰ ਹੋਇਆ ਇਸ ਦੇ ਉਲਟ। ‘ਛਪਾਕ’ ਫਿਲਮ ਦੀ ਬਜਾਏ ਅਜੇ ਦੇਵਗਨ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਤਾਨਾਜੀ’ ਬਾਕਸ ਆਫਿਸ ‘ਤੇ ਖੂਬ ਕਮਾਈ ਕਰ ਰਹੀ ਹੈ ਅਤੇ ਸਭਨਾ ਦੀ ਪਹਿਲੀ ਪਸੰਦ ਵੀ ਬਣਦੀ ਜਾ ਰਹੀ ਹੈ। ਦੂਜੇ ਹਫਤੇ ਵੀ ਤਾਨਾਜੀ ਫਿਲਮ ਦੀ ਬਾਕਸ ਆਫਿਸ ‘ਤੇ ਪੂਰੀ ਚੜ੍ਹਾਈ ਹੈ।

ਜੇਐਨਯੂ ਵਿਖੇ ਹੋ ਰਹੇ ਵਿਦਿਆਰਥੀਆਂ ਦੇ ਧਰਨੇ ਵਿੱਚ ਸ਼ਾਮਿਲ ਹੋਣ ‘ਤੇ ਸਿਆਸੀ ਗਿਲਿਆਰਿਆਂ ਵਿੱਚ ਦੀਪਿਕਾ ਪਾਦੂਕੋਣ ਦੀ ਚਰਚਾ ਹੋਣ ਨਾਲ ਫਿਲਮ ‘ਛਪਾਕ’ ਵੀ ਚਰਚਾ ਦਾ ਵਿਸ਼ਾ ਰਹੀ ਸੀ। ਹੁਣ ਨਵੇਂ ਸਾਲ ‘ਚ ਦੀਪਿਕਾ ਪਾਦੂਕੋਣ ਦੀ ਫਿਲਮ ‘ਛਪਾਕ’ ਤੋਂ ਬਾਅਦ ਫਿਲਮ ‘ਤਾਨਾਜੀ’ ਵੀ ਸਿਆਸਤ ਦੀ ਬੁੱਕਲ ਵਿੱਚ ਆਉਂਦੀ ਦਿਸ ਰਹੀ ਹੈ। ਫਿਲਮਾਂ ਕਮਾਈ ਦਾ ਇੱਕ ਵੱਡਾ ਸਾਧਨ ਮੰਨੀਆਂ ਜਾਂਦੀਆਂ ਹਨ। ਭਾਰਤ ਵਿੱਚ ਜਦੋਂ ਇੱਕ ਪਾਸੇ ਜੇਐਨਯੂ ਹਿੰਸਾ ਦਾ ਰੌਲਾ ਜੋਰਾਂ ‘ਤੇ ਸੀ ਤਾਂ ਦੂਜੇ ਪਾਸੇ ਦੀਪਿਕਾ ਪਾਦੂਕੋਣ ਦੀ ਫਿਲਮ ‘ਛਪਾਕ’ ਦੀ ਰਿਲੀਜ਼ ਅਤੇ ਪ੍ਰਮੋਸ਼ਨ ਦਾ ਦੌਰ ਵੀ ਚੱਲ ਰਿਹਾ ਸੀ। ਇਸੇ ਦੌਰਾਨ ਦੀਪਿਕਾ ਪਾਦੂਕੋਣ ਦਾ ਜੇਐਨਯੂ ਵਿਦਿਆਰਥੀਆਂ ਵਿਚਾਲੇ ਜਾਣਾ, ਜੋ ਬਾਅਦ ਵਿੱਚ ਸੁਰਖੀਆਂ ਦਾ ਵਿਸ਼ਾ ਬਣ ਗਿਆ, ਜਿਸ ਤੋਂ ਬਾਅਦ ਬੀਜੇਪੀ ਸਰਕਾਰ ਦੇ ਕਈ ਮੰਤਰੀਆਂ ਨੇ ਦੀਪਿਕਾ ਦੇ ਇਸ ਕਦਮ ਦੀ ਨਿਖੇਧੀ ਕੀਤੀ ਅਤੇ ਵਿਰੋਧੀ ਪਾਰਟੀ ਦੇ ਕਈ ਲੀਡਰਾਂ ਨੇ ਇਸ ਮਾਮਲੇ ‘ਤੇ ਦੀਪਿਕਾ ਪਾਦੂਕੋਣ ਦੀ ਸਰਾਹਨਾ ਵੀ ਕੀਤੀ। ਆਖਿਰ ਬਾਅਦ ਵਿੱਚ ਸੁਰਖੀਆਂ ਵਿੱਚ ਆਉਣ ਦਾ ਫ਼ਲ ਦੀਪਿਕਾ ਪਾਦੂਕੋਣ ਨੂੰ ਮਿਲਿਆ, ਨਤੀਜੇ ਵਜੋਂ ਕਾਂਗਰਸ ਦੇ ਰਾਜ ਵਾਲੇ ਤਿੰਨ ਰਾਜਾਂ ਵਿੱਚ ਦੀਪਿਕਾ ਪਾਦੂਕੋਣ ਦੀ ‘ਛਪਾਕ’ ਫਿਲਮ ਨੂੰ ਕਰ ਮੁਕਤ ਕਰ ਦਿੱਤਾ ਗਿਆ। ਛਪਾਕ ਨੂੰ ਕਰ ਮੁਕਤ ਕਰਨ ਵਾਲੇ ਇਹ ਤਿੰਨ ਰਾਜ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਹਨ।

ਦੂਜੇ ਪਾਸੇ ‘ਛਪਾਕ’ ਨੂੰ ਟੱਕਰ ਦੇ ਰਹੀ ਫਿਲਮ ‘ਤਾਨਾਜੀ’ ਨੇ ‘ਛਪਾਕ’ ਨੂੰ ਕਮਾਈ ਦੇ ਮਾਮਲੇ ਵਿੱਚ ਪਿੱਛੇ ਛੱਡ ਦਿੱਤਾ ਹੈ। ਲਗਾਤਾਰ ਕਮਾਈ ਦੇ ਝੰਡੇ ਗੱਡ ਰਹੀ ਇਸ ਫਿਲਮ ਦੇ ਮਹਾਰਾਸ਼ਟਰ ਵਿੱਚ ਕਰ ਮੁਕਤ ਹੋਣ ਦੀ ਉਮੀਦ ਸੀ, ਪਰ ਇਸ ਨੂੰ ਉਥੋਂ ਤਾਂ ਕੋਈ ਰਾਹਤ ਨਹੀ ਮਿਲੀ, ਜਦਕਿ ਭਾਜਪਾ ਸ਼ਾਸਿਤ  ਯੂਪੀ ਸਰਕਾਰ ਇਸ ਫਿਲਮ ‘ਤੇ ਮੇਹਰਬਾਨ ਹੋਈ ਤੇ ਮੰਗਲਵਾਰ ਨੂੰ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਦੇ ਵਿਭਾਗ ਜ਼ਰੀਏ ਇਹ ਜਾਣਕਾਰੀ ਦਿੰਦਿਆਂ ਸਰਕਾਰ ਨੇ ਲਿਖਿਆ ਕਿ, ਮੁੱਖ ਮੰਤਰੀ ਨੇ ਹਿੰਦੀ ਫਿਲਮ ‘ਤਾਨਾਜੀ ਦ-ਅਨਸੰਗ ਵਾਰੀਅਰ’ ਨੂੰ ਰਾਜ ਵਿੱਚ ਐਸਜੀਐਸਟੀ ਮੁਕਤ ਕਰਨ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ ਹੀ ਇਹਨਾਂ ਦੋਵਾਂ ਫਿਲਮਾਂ ਨੂੰ ਕਾਂਗਰਸ ਬਨਾਮ ਭਾਜਪਾ ਦੇ ਤੌਰ ‘ਤੇ ਵੀ ਵੇਖਿਆ ਜਾ ਰਿਹਾ ਹੈ। ਹਾਲਾਂਕਿ ਦੋਵੇਂ ਫਿਲਮਾਂ ਦਾ ਵਿਸ਼ਾ-ਵਸਤੂ ਵੱਖੋ-ਵੱਖਰਾ ਹੈ, ਪਰ ਫਿਰ ਵੀ ਫਿਲਮਾਂ ਨੂੰ ਕਰ ਮੁਕਤ ਕਰਨਾ ਸਰਕਾਰਾਂ ਦੀ ਦੇਖਾ-ਦੇਖੀ ਵੀ ਕਹੀ ਜਾ ਸਕਦੀ ਹੈ।

 

LEAVE A REPLY