ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਹੁਣ ਤੱਕ 86 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਅਜੇ ਵੀ ਕਈ ਲੋਕ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ੍ਹ ਰਹੇ ਹਨ। ਜ਼ਹਿਰੀਲੀ ਸ਼ਰਾਬ ਕਰਕੇ ਲਗਾਤਾਰ ਹੋ ਰਹੀਆਂ ਮੌਤਾਂ ਤੋਂ ਬਾਅਦ ਹੁਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿਚ ਆਉਂਦਾ ਵਿਖਾਈ ਦੇ ਰਿਹਾ ਹੈ। ਦਰਅਸਲ ਪੁਲਿਸ ਦੁਆਰਾ ਸੂਬੇ ਦੇ ਵੱਖ- ਵੱਖ ਜ਼ਿਲ੍ਹਿਆਂ ਵਿਚ ਛਾਪੇਮਾਰੀ ਕੀਤੀ ਗਈ ਹੈ ਅਤੇ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਤੇ ਕੱਚਾ ਲਾਹਣ ਬਰਾਮਦ ਕਰਨ ਦੇ ਨਾਲ-ਨਾਲ ਸ਼ਰਾਬ ਤਸਕਰਾਂ ਨੂੰ ਵੀ ਗਿਰਫਤਾਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਫਿਰੋਜ਼ਪੁਰ ਜ਼ਿਲ੍ਹੇ ਵਿਚ ਪੁਲਿਸ ਨੇ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰਕੇ 524 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਅਤੇ 700 ਲੀਟਰ ਕੱਚਾ ਲਾਹਣ ਬਰਾਮਦ ਕੀਤਾ ਹੈ ਅਤੇ ਇਸ ਮਾਮਲੇ ਵਿਚ 20 ਲੋਕਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਉੱਥੇ ਜਲਾਲਾਬਾਦ ਪੁਲਿਸ ਵੱਲੋਂ ਵੀ ਡੀਐਸਪੀ ਸਬ ਡਿਵੀਜ਼ਨ ਪਲਵਿੰਦਰ ਸਿੰਘ ਸੰਧੂ ਦੀ ਅਗਵਾਈ ਵਿਚ 4 ਥਾਣਿਆਂ ਦੇ ਐਸਐਚਐਓ ਅਤੇ 200 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਮਹਾਲਮ ਪਿੰਡ ਵਿਚ ਰੇਡ ਮਾਰੀ ਅਤੇ 2500 ਲੀਟਰ ਦੇ ਕਰੀਬ ਕੱਚਾ ਲਾਹਣ ਬਰਾਮਦ ਕਰਨ ਦੇ ਨਾਲ ਪੰਜ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਦੱਸ ਦਈਏ ਕਿ ਬੀਤੇ ਦਿਨ ਵੀ ਪਿੰਡ ਮਹਾਲਮ ਵਿਚ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਜਿਸ ਦੌਰਾਨ 1200 ਲੀਟਰ ਲਾਹਣ, 100 ਬੋਤਲ ਨਾਜਾਇਜ਼ ਸ਼ਰਾਬ ਅਤੇ ਭੱਠੀ ਦਾ ਸਮਾਨ ਬਰਾਮਦ ਹੋਇਆ ਸੀ। ਉੱਥੇ ਹੀ ਪਟਿਆਲਾ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਸਬ ਡਵੀਜਨ ਰਾਜਪੁਰਾ ਅਤੇ ਘਨੌਰ ਵਿਖੇ ਇੱਕ ਵਿਸ਼ੇਸ਼ ਸਰਚ ਆਪ੍ਰੇਸਨ ਚਲਾ ਕੇ 950 ਲੀਟਰ ਲਾਹਣ, 420 ਬੋਤਲਾਂ ਸ਼ਰਾਬ ਤੇ 16 ਕਿੱਲੋ ਗਾਂਜਾ ਬਰਾਮਦ ਕੀਤਾ ਹੈ।

ਜ਼ਿਕਰਯੋਗ ਹੈ ਕਿ ਤਰਨਤਾਰਨ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ 63 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮੁੱਛਲ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 12 ਲੋਕਾਂ ਦੀ ਜਾਨ ਚੱਲੀ ਗਈ ਹੈ। ਉੱਥੇ ਗੁਰਦਾਸਪੁਰ ਦੇ ਬਟਾਲਾ ਵਿਚ ਜ਼ਹਿਰੀਲੀ ਸ਼ਰਾਬ ਨੇ ਹੁਣ ਤੱਕ 11 ਲੋਕਾਂ ਦੀ ਜਾਨ ਲੈ ਲਈ ਹੈ। ਦੂਜੇ ਪਾਸੇ ਸਰਕਾਰ ਨੇ ਇਸ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਤਿੰਨੋਂ ਜ਼ਿਲ੍ਹਿਆਂ ਦੇ ਈਟੀਓ (ਆਬਾਕਾਰੀ ਅਤੇ ਕਰ ਅਫਸਰ) ਅਤੇ ਕਈਂ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ।

LEAVE A REPLY