ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਵਿਚ ਰਹਿਣ ਵਾਲੇ ਰਿਕਸ਼ਾ ਚਾਲਕ ਨੂੰ ਇਕ ਚਿੱਠੀ ਲਿਖੀ ਹੈ ਜਿਸ ਵਿਚ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਉਸ ਦੀ ਬੇਟੀ ਦੇ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ਜਿਸ ਨੂੰ ਪੜ ਕੇ ਉਸ ਦਾ ਪਰਿਵਾਰ ਵੀ ਖੁਸ਼ੀ ਨਾਲ ਝੁੰਮ ਉੱਠਿਆ ਹੈ।

ਦਰਅਸਲ ਪ੍ਰਧਾਨ ਮੰਤਰੀ ਦੁਆਰਾ ਗੋਦ ਲਏ ਪਿੰਡ ਡੋਮਰੀ ਦੇ ਰਹਿਣ ਵਾਲੇ ਮੰਗਲ ਕੇਵਟ ਨੇ ਆਪਣੇ ਦੋਸਤਾਂ ਦੇ ਕਹਿਣ ਉੱਤੇ ਆਪਣੀ ਬੇਟੀ ਦੇ ਵਿਆਹ ਵਿਚ ਆਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਖੱਤ ਲਿਖ ਕੇ ਸੱਦਾ ਦਿੱਤਾ ਸੀ। ਮੰਗਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਚਿੱਠੀ ਲਿਖੀ ਤਾਂ ਉਨ੍ਹਾਂ ਨੇ ਬਿਲਕੁੱਲ ਵੀ ਉਮੀਦ ਨਹੀਂ ਸੀ ਕਿ ਉਸ ਨੂੰ ਇਸ ਚਿੱਠੀ ਦਾ ਕੋਈ ਜਵਾਬ ਵੀ ਆਵੇਗਾ। ਮੰਗਲ ਅਨੁਸਾਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸੱਦਾ ਦੇਣ ਲਈ ਇੱਕ ਖੱਤ ਦਿੱਲੀ ਭੇਜ ਦਿੱਤਾ ਜਦਕਿ ਦੂਜਾ ਖੱਤ ਉਨ੍ਹਾਂ ਦੇ ਵਾਰਾਣਸੀ ਦਫ਼ਤਰ ਭੇਜਿਆ।

ਮੰਗਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਲਿਖੀ ਗਈ ਚਿੱਠੀ ਦਾ ਜਵਾਬ ਆਇਆ ਤਾਂ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ। ਖੱਤ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਆਪਣੇ ਵੱਲੋਂ ਵਿਆਹ ਦੀਆਂ ਸ਼ੁਭਕਾਮਨਾਵਾਂ ਅਤੇ ਆਸ਼ਰੀਵਾਦ ਦਿੱਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਖੱਤ ਨੂੰ ਲੈ ਕੇ ਉਹ ਬਹੁਤ ਖੁਸ਼ ਹਨ ਅਤੇ ਆਪਣੀ ਬੇਟੀ ਦੇ ਵਿਆਹ ਵਿਚ ਆਏ ਰਿਸ਼ਤੇਦਾਰਾਂ ਨੂੰ ਵੀ ਉਨ੍ਹਾਂ ਨੇ ਇਹ ਚਿੱਠੀ ਦਿਖਾਈ ਹੈ।

ਮੰਗਲ ਮੋਦੀ ਸਰਕਾਰ ਦੁਆਰਾ ਚਲਾਏ ਗਏ ਸਵੱਛਤਾ ਅਭਿਆਨ ਦਾ ਵੀ ਹਿੱਸਾ ਰਹੇ ਹਨ। ਭਾਜਪਾ ਦੀ ਮੈਂਬਰਸ਼ੀਪ ਮੁਹਿੰਮ ਦੌਰਾਨ ਵੀ ਪ੍ਰਧਾਨ ਮੰਤਰੀ ਮੋਦੀ ਨੇ ਮੰਗਲ ਕੇਵਟ ਨੂੰ ਪਾਰਟੀ ਦੇ ਮੈਂਬਰ ਦੇ ਰੂਪ ਵਿਚ ਨਾਮਜ਼ਦ ਕੀਤਾ ਸੀ।

LEAVE A REPLY