ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਮਹਾਚਕਰਵਾਤੀ ਤੂਫਾਨ ‘ਅਮਫਾਨ’ ਨੇ ਪੱਛਮੀ ਬੰਗਾਲ ਅਤੇ ਉੜੀਸਾ ਵਿਚ ਭਾਰੀ ਤਬਾਹੀ ਮਚਾਈ ਹੈ। ਦੋਵੇ ਸੂਬਿਆਂ ਵਿਚ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਉੱਥੇ ਹੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਅਮਫਾਨ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨਾਲ ਸੀਐਮ ਮਮਤਾ ਬੈਨਰਜੀ ਵੀ ਮੌਜੂਦ ਰਹੀ। ਪੀਐਮ ਮੋਦੀ ਨੇ ਬੰਗਾਲ ਲਈ ਸ਼ੁਰੂਆਤੀ 1 ਹਜ਼ਾਰ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਹਵਾਈ ਸਰਵੇਖਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ”ਪਿਛਲੇ ਸਾਲ ਮਈ ਵਿਚ ਦੇਸ਼ ਚੋਣਾਂ ‘ਚ ਵਿਅਸਤ ਸੀ ਅਤੇ ਉਸ ਸਮੇਂ ਉੜੀਸਾ ਨੇ ਇਕ ਚੱਕਰਵਾਤੀ ਤੂਫਾਨ ਦਾ ਸਾਹਮਣਾ ਕੀਤਾ ਸੀ ਹੁਣ ਇਕ ਸਾਲ ਬਾਅਦ ਫਿਰ ਇਸ ਚੱਕਰਵਾਤੀ ਤੂਫਾਨ ਨੇ ਸਾਡੇ ਤੱਟਵਰਤੀ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਪੱਛਮੂ ਬੰਗਾਲ ਦੇ ਲੋਕ ਇਸ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋਏ ਹਨ”। ਪੀਐਮ ਮੋਦੀ ਨੇ ਕਿਹਾ ਕਿ ”ਸੂਬਾ ਅਤੇ ਕੇਂਦਰ ਸਰਕਾਰ ਦੋਵਾਂ ਨੇ ਇਸ ਤੂਫਾਨ ਨੂੰ ਲੈ ਕੇ ਤਿਆਰੀ ਕੀਤੀ ਸੀ ਪਰ ਬਾਵਜੂਦ ਇਸ ਦੇ ਅਸੀ 80 ਲੋਕਾਂ ਦੀ ਜਾਨ ਨਹੀਂ ਬਚਾ ਪਾਏ ਹਨ। ਇਸ ਤੂਫਾਨ ਕਰਕੇ ਪ੍ਰਾਪਰਟੀ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ ਜਿਸ ‘ਚ ਘਰ ਅਤੇ ਬੁਨਿਆਦੀ ਢਾਂਚਾ ਸ਼ਾਮਿਲ ਹੈ”। ਪੀਐਮ ਮੋਦੀ ਨੇ ਸ਼ੁਰੂਆਤੀ ਤੌਰ ਉੱਤੇ ਪੱਛਮੀ ਬੰਗਾਲ ਦੀ ਮਦਦ ਲਈ 1 ਹਜ਼ਾਰ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੇਂਦਰ ਦੀ ਇਕ ਟੀਮ ਜਲਦੀ ਹੀ ਆ ਕੇ ਸੂਬੇ ਵਿਚ ਹੋਏ ਨੁਕਸਾਨ ਦਾ ਵਿਸਥਾਰ ਨਾਲ ਸਰਵੇਖਣ ਕਰੇਗੀ। ਪੀਐਮ ਮੋਦੀ ਨੇ ਮ੍ਰਿਤਕਾਂ ਦੇ ਲਈ 2 ਲੱਖ ਰੁਪਏ ਅਤੇ ਜਖਮੀਆਂ ਲਈ 50 ਹਜ਼ਾਰ ਰੁਪਏ ਮੁਆਵਜੇ ਦਾ ਵੀ ਐਲਾਨ ਕੀਤਾ ਹੈ।ਪ੍ਰਧਾਨ ਮੰਤਰੀ ਮੋਦੀ ਇਸ ਤੋਂ ਬਾਅਦ ਉੜੀਸਾ ਦੇ ਮਹਾਚਕਰਵਾਤੀ ਤੂਫਾਨ ਨਾਲ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕਰਨ ਲਈ ਜਾਣਗੇ ਤੇ ਤਾਜ਼ਾ ਹਲਾਤਾਂ ਦਾ ਜਾਇਜ਼ਾ ਲੈਣਗੇ।

LEAVE A REPLY