ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਸੰਕਟ ਵਿਚਾਲੇ ਪੰਜਾਬ ਯੂਨੀਵਰਸਿਟੀ ਨੇ ਜੁਲਾਈ ਵਿਚ ਵਿਦਿਆਰਥੀਆਂ ਦੇ ਇਮਤਿਹਾਨ ਲੈਣ ਦਾ ਐਲਾਨ ਕਰ ਦਿੱਤਾ ਹੈ। ਇਮਤਿਹਾਨਾਂ ਦੀ ਡੇਟਸ਼ੀਟ ਬਾਰੇ ਤਾਂ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਯੂਨੀਵਰਸਿਟੀ ਨੇ ਸਥਿਤੀ ਸਪੱਸ਼ਟ ਕਰਦੇ ਹੋਏ ਸਾਰੇ ਵਿਭਾਗਾਂ ਦੇ ਮੁੱਖੀਆਂ ਅਤੇ ਕਾਲਜ ਪ੍ਰਿੰਸੀਪਲਾਂ ਨੂੰ ਇਮਤਿਹਾਨਾਂ ਸੰਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਪੰਜਾਬ ਯੂਨੀਵਰਸਿਟੀ(PU) ਵੱਲੋਂ ਜਾਰੀ ਕੀਤੀ ਹਦਾਇਤਾਂ ਅਨੁਸਾਰ ਇਮਤਿਹਾਨਾਂ ਲਈ ਇਕ ਸੈਂਟਰ ਦੇ ਵਿਚ ਕੇਵਲ 150 ਵਿਦਿਆਰਥੀ ਹੀ ਬੈਠਣਗੇ। ਇਮਤਿਹਾਨ ਦਾ ਸਮਾਂ 3 ਘੰਟੇ ਦੀ ਥਾਂ 2 ਘੰਟੇ ਰੱਖਿਆ ਗਿਆ ਹੈ। 15 ਵਿਦਿਆਰਥੀਆਂ ਉੱਤੇ ਇਕ ਸੁਪਰੀਡੈਂਟ ਨੂੰ ਤਾਇਨਾਤ ਕੀਤਾ ਜਾਵੇਗਾ। ਅਧਿਆਪਕਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਦੌਰਾਨ ਮੂੰਹ ਉੱਤੇ ਮਾਸਕ ਪਾਉਣ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਸਟਾਫ ਅਤੇ ਵਿਦਿਆਰਥੀਆਂ ਨੂੰ ਪਾਣੀ ਆਪਣੇ ਨਾਲ ਹੀ ਲੈ ਕੇ ਜਾਣਾ ਹੋਵੇਗਾ। ਪ੍ਰੀਖਿਆ ਦੇਣ ਲੱਗੇ ਵਿਦਿਆਰਥੀਆਂ ਵਿਚਕਾਰ 4-6 ਫੁੱਟ ਦਾ ਫਾਸਲਾ ਰੱਖਣਾ ਲਾਜ਼ਮੀ ਹੋਵੇਗਾ। ਐਂਟਰੀ ਪੁਆਇੰਟ ਉੱਤੇ ਵਿਦਿਆਰਥੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ। ਹਰ ਪੇਪਰ ਤੋਂ ਪਹਿਲਾਂ ਕੋਰੋਨਾ ਦੇ ਮੱਦੇਨਜ਼ਰ ਪ੍ਰੀਖਿਆ ਕਮਰੇ ਨੂੰ ਸੈਨਾਟਾਈਜ਼ ਕੀਤਾ ਜਾਵੇਗਾ। ਨਾਲ ਹੀ ਵਿਦਿਆਰਥੀਆਂ ਲਈ ਹੈਂਡ ਸੈਨਾਟਾਈਜ਼ਰ ਉੱਪਲਬਧ ਕਰਨ ਲਈ ਕਿਹਾ ਗਿਆ ਹੈ। ਯੂਨੀਵਰਸਿਟੀਆਂ ਦੀਆਂ ਹਦਾਇਤਾਂ ਮੁਤਾਬਕ ਰੈਡ ਜ਼ੋਨ ਅਤੇ ਕੰਟੇਨਮੈਂਟ ਜ਼ੋਨ ਵਾਲੇ ਵਿਦਿਆਰਥੀਆਂ ਅਤੇ ਸਟਾਫ ਦੀ ਐਟਰੀ ‘ਤੇ ਬੈਨ ਹੋਵੇਗਾ। ਜੇਕਰ ਪ੍ਰੀਖਿਆ ਲਈ ਆ ਰਹੇ ਕਿਸੇ ਵਿਦਿਆਰਥੀ ਜਾਂ ਫਿਰ ਸਟਾਫ ਵਿਚ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀ ਪ੍ਰੀਖਿਆ ਕੇਂਦਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਨਾਲੀ ਹੀ ਸਟਾਫ ਨੂੰ ਮੋਬਾਈਲ ਵਿਚ ਆਰੋਗਿਆ ਸੇਤੂ ਐਪ ਰੱਖਣਾ ਲਾਜ਼ਮੀ ਹੋਵੇਗਾ।