ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜੰਮੂ ਕਸ਼ਮੀਰ ਵਿਚ ਅਸ਼ਾਂਤੀ ਫੈਲਾਉਣ ਲਈ ਪਾਕਿਸਤਾਨੀ ਫੌਜ ਸੀਮਾ ਉੱਤੇ ਅੱਤਵਾਦੀਆਂ ਦੀ ਘੂਸਪੈਠ ਕਰਵਾਉਣ ਦੀਆਂ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ। ਹੁਣ ਇਸੇ ਨੂੰ ਲੈ ਕੇ ਖੁਫੀਆ ਏਜੰਸੀਆਂ ਦੀ ਇਕ ਰਿਪੋਰਟ ਆਉਣ ਮਗਰੋ ਭਾਰਤ-ਪਾਕਿਸਤਾਨ ਸਰਹੱਦ ਉੱਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ ਭੀਮਬਰ ਗਲੀ ਅਤੇ ਨੌਸ਼ੈਰ ਸੈਕਟਰਾਂ ਵਿਚ ਅੱਤਵਾਦੀਆਂ ਦੀ ਮੌਜੂਦਗੀ ਹੋ ਸਕਦੀ ਹੈ ਅਤੇ ਘੂਸਪੈਠ ਲਈ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ(ਬੈਟ) ਅੱਤਵਾਦੀਆਂ ਦੀ ਮਦਦ ਕਰ ਸਕਦੀ ਹੈ।

ਖਬਰ ਏਜੰਸੀ ਏਐਨਆਈ ਨੂੰ ਖੁਫੀਆ ਸੂਤਰਾਂ ਨੇ ਦੱਸਿਆ ਹੈ ਕਿ ਇਨਪੁੱਟ ਨੂੰ ਸੁਰੱਖਿਆ ਬਲਾਂ ਅਤੇ ਬੀਐਸਐਫ ਨਾਲ ਸਾਂਝਾ ਕੀਤਾ ਗਿਆ ਹੈ ਤਾਂਕਿ ਉਹ ਇਨ੍ਹਾਂ ਇਲਾਕਿਆਂ ਵਿਚ ਤਿੱਖੀ ਨਜ਼ਰ ਰੱਖ ਸਕਣ। ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਪਾਕਿਸਤਾਨੀ ਸੈਨਾ ਦੀ ਬੈਟ ਵੱਲੋਂ ਜਲਦੀ ਹੀ ਅੱਤਵਾਦੀਆਂ ਦੀ ਘੂਸਪੈਠ ਵਾਸਤੇ ਪੂਰੀ ਮਦਦ ਕਰਵਾਈ ਜਾਵੇਗੀ। ਪਾਕਿਸਤਾਨ ਦੀ ਬੈਟ ਟੀਮ ਦੇ ਲੋਕ ਕਾਫੀ ਸਿਖਿਅਤ ਹੁੰਦੇ ਹਨ ਅਤੇ ਇਨ੍ਹਾਂ ਵਿਚ ਸੈਨਾ ਦੇ ਕਮਾਂਡੋਆਂ ਤੋਂ ਇਲਾਵਾ ਜੈਸ਼-ਏ-ਮੁਹੰਮਦ,ਲਸ਼ਕਰ ਏ ਤੋਇਬਾ ਵਰਗੇ ਵੱਖ-ਵੱਖ ਅੱਤਵਾਦੀ ਸੰਗਠਨ ਨਾਲ ਜੁੜੇ ਦਹਿਸ਼ਤਗਰਦ ਸ਼ਾਮਲ ਹੁੰਦੇ ਹਨ ਜਿਸ ਲਈ ਬੈਟ ਨੇ ਬਾਰਡਰ ਉੱਤੇ ਰਹਿੰਦੇ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਉਣ ਸ਼ੁਰੂ ਕਰ ਦਿੱਤਾ ਹੈ। ਇਕ ਬੀਐਸਐਫ ਦੇ ਸੀਨੀਅਰ ਅਧਿਕਾਰੀ ਨੇ ਏਐਨਆਈ ਨੂੰ ਦੱਸਿਆ ਕਿ ਪਿਛਲੇ ਹਫਤਿਆਂ ਵਿਚ ਅਜਿਹੀ ਕੋਈ ਰਿਪੋਰਟ ਨਹੀਂ ਆਈ ਸੀ ਪਰ ਕੁੱਝ ਘੰਟੇ ਪਹਿਲਾਂ ਇਹ ਰਿਪੋਰਟ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਖਾਸਕਰ ਦੋ ਸੈਕਟਰਾਂ ਵਿਚ ਪੈਟ੍ਰੋਲਿੰਗ ਵਧਾ ਦਿੱਤੀ ਗਈ ਹੈ ਜਿਸ ਲਈ ਹੁਣ ਰਾਤ ਦੇ ਸਮੇਂ ਵੀ ਜਵਾਨਾਂ ਦੀ ਵਾਧੂ ਤਾਇਨਾਤੀ ਕੀਤੀ ਜਾਵੇਗੀ ਅਤੇ ਪਾਕਿਸਤਾਨ ਦੀ ਹਰ ਹਰਕਤ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ।

LEAVE A REPLY