ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਾਕਿਸਤਾਨ ਨੇ ਆਪਣੇ ਗੁਆਂਢੀ ਮੁਲਕ ਅਫਗਾਨਿਸਤਾਨ ਵਿਚ ਰਾਕੇਟ ਹਮਲਾ ਕੀਤਾ ਹੈ। ਕੰਧਾਰ ਦੇ ਸਪਿਨ ਬੋਲਡਕ ਜ਼ਿਲ੍ਹੇ ਵਿਚ ਪਾਕਿਸਤਾਨ ਨੇ ਰਾਕੇਟ ਦਾਗੇ ਹਨ ਜਿਸ ਦੌਰਾਨ ਘੱਟੋਂ-ਘੱਟ 9 ਨਾਗਰਿਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਉੱਥੇ ਹੀ ਅਫਗਾਨਿਸਤਾਨ ਸਰਕਾਰ ਨੇ ਆਪਣੀ ਸੈਨਾ ਨੂੰ ਪਾਕਿਸਤਾਨ ਦੀ ਹਰ ਨਾਪਾਕ ਹਰਕਤ ਦਾ ਜਵਾਬ ਦੇਣ ਲਈ ਤਿਆਰ ਰਹਿਣ ਵਾਸਤੇ ਕਿਹਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਪਾਕਿਸਤਾਨੀ ਫੌਜ ਵਿਰੁੱਧ ਜਵਾਬੀ ਕਾਰਵਾਈ ਲਈ ਅਫਗਾਨ ਸੁਰੱਖਿਆ ਬਲਾਂ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਹੁਕਮ ਦਿੱਤੇ ਹਨ। ਰੱਖਿਆ ਮੰਤਰਾਲੇ ਮੁਤਾਬਕ ਰਿਹਾਇਸ਼ੀ ਇਲਾਕਿਆਂ ਵਿਚ ਪਾਕਿਸਤਾਨੀ ਫੌਜ ਦੇ ਰਾਕੇਟ ਹਮਲਿਆਂ ਵਿਚ 9 ਨਾਗਰਿਕ ਮਾਰੇ ਗਏ ਹਨ ਅਤੇ 50 ਲੋਕ ਜ਼ਖ਼ਮੀ ਹੋਏ ਹਨ। ਰਿਪੋਰਟਾਂ ਅਨੁਸਾਰ ਰੱਖਿਆ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਦੇਸ਼ ਦੀ ਹਥਿਆਰਬੰਦ ਫੌਜਾਂ ਦੇ ਮੁੱਖੀ ਜਨਰਲ ਮੁਹੰਮਦ ਯਾਸਿਨ ਜਿਯਾ ਲੇਵੀ ਨੇ ਪਾਕਿਸਤਾਨੀ ਸੈਨਾ ਵਿਰੁੱਧ ਜਵਾਬੀ ਕਾਰਵਾਈ ਕਰਨ ਲਈ ਦੇਸ਼ ਦੇ ਸਾਰੇ ਸੁਰੱਖਿਆ ਬਲਾਂ ਖਾਸਕਰ 205 ਅਟਲ, 201 ਸਲਾਬ ਅਤੇ 203 ਥੰਡਰ ਕੈਂਪਾਂ ਨੂੰ ਪੂਰੀ ਤਰ੍ਹਾ ਤਿਆਰ ਰਹਿਣ ਦੇ ਹੁਕਮ ਦਿੱਤੇ ਹਨ। ਫੌਜ ਨੂੰ ਭਾਰੀ ਹਥਿਆਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਵਾਈ ਫੌਜ ਨੂੰ ਵੀ ਅਲਰਟ ਉੱਤੇ ਰੱਖਿਆ ਗਿਆ ਹੈ ਅਤੇ ਜੇਕਰ ਪਾਕਿਸਤਾਨੀ ਸੈਨਾ ਅਫਗਾਨ ਦੀ ਧਰਤੀ ਉੱਤੇ ਆਪਣੇ ਰਾਕੇਟ ਲਾਂਚਰਾ ਨੂੰ ਜਾਰੀ ਰੱਖਦੀ ਹੈ ਤਾਂ ਉਸਨੂੰ ਅਫਗਾਨ ਸੈਨਾ ਦੀ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਉੱਥੇ ਹੀ ਅਫਗਾਨਿਸਤਾਨ ਦੇ ਪੂਰਬੀ ਲੋਗਾਰ ਪ੍ਰਾਂਤ ਵਿਚ ਵੀਰਵਾਰ ਨੂੰ ਆਤਮਘਾਤੀ ਬੰਬ ਹਮਲੇ ਵਿਚ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ਲੋਖ ਜ਼ਖ਼ਮੀ ਹੋ ਗਏ ਹਨ। ਇਹ ਹਮਲਾ ਸੂਬੇ ਦੀ ਰਾਜਧਾਨੀ ਪਲ-ਏ-ਆਲਮ ਵਿਚ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਫਿਲਹਾਲ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ।

LEAVE A REPLY