ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸਿੱਖ ਪੰਥ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅੱਜ ਬਾਬੇ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਬਹੁਤ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਇਤਿਹਾਸਕ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਲਗਭਗ 15 ਲੱਖ ਸੰਗਤ ਦੇ ਮੱਥਾ ਟੇਕਣ ਦਾ ਅਨੁਮਾਨ ਲਗਾਇਆ ਗਿਆ ਹੈ। ਸੋਮਵਾਰ ਨੂੰ ਵੀ 9 ਲੱਖ ਸ਼ਰਧਾਲੂਆਂ ਨੇ ਗੁਰੂਘਰ ਵਿਚ ਮੱਥਾ ਟੇਕਿਆ।

ਦੱਸ ਦਈਏ ਸ਼ਰਧਾਲੂਆਂ ਨੇ ਸੋਮਵਾਰ ਤੋਂ ਹੀ ਸੁਲਤਾਨਪੁਰ ਲੋਧੀ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਧਿਆਨ ‘ਚ ਰਖਦਿਆਂ ਸੁਲਤਾਨਪੁਰ ਲੋਧੀ ਵਿੱਚ 35 ਹਜ਼ਾਰ ਸੰਗਤਾਂ ਦੇ ਠਹਿਰਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਟੈਂਟ ਸਿਟੀ ਸੋਮਵਾਰ ਦੁਪਹਿਰ ਨੂੰ ਹਾਉਸਫੁੱਲ ਹੋ ਗਿਆ ਹੈ। ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਅਤੇ ਕੈਪਟਨ ਸੰਦੀਪ ਸੰਧੂ ਨੇ ਸੁਲਤਾਨਪੁਰ ਲੋਧੀ ਵਿਖੇ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਵੀ  ਲਿਆ ਹੈ।

12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਕਰਾਏ ਜਾਣ ਵਾਲੇ ਸਮਾਗਮਾਂ ਵਿੱਚ ਮੁਖ ਮਹਿਮਾਨ ਵਜੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮਾਗਮ ਵਿੱਚ ਸ਼ਿਰਕਤ ਕਰਨਗੇ ਅਤੇ ਸੰਗਤ ਨੂੰ ਸੰਬੋਧਨ ਕਰਨਗੇ। ਇਸ ਮੌਕੇ ਸੋਹਣੇ ਦੀਵਾਨ ਸਜਾਏ ਜਾਣਗੇ। ਰਾਸ਼ਟਰਪਤੀ ਮੰਗਲਵਾਰ ਸਵੇਰੇ ਆਦਮਪੁਰ ਏਅਰਫੋਰਸ ਸਟੇਸ਼ਨ ਪਹੁੰਚਣਗੇ, ਜਿੱਥੋਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈਲੀਕਾਪਟਰ ਰਾਹੀਂ ਸੁਲਤਾਨਪੁਰ ਲੋਧੀ ਪਹੁੰਚਣਗੇ। ਮੌਕੇ ਦੀ ਨਜਾਕਤ ਨੂੰ ਦੇਖਦਿਆਂ ਹੋਇਆ ਪੂਰੇ ਖੇਤਰ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰ ਦਿੱਤਾ ਗਿਆ ਹੈ। ਬਾਈਪਾਸ ਤੋਂ ਆਉਣ ਵਾਲੇ ਸਾਰੇ ਰੂਟਾਂ ‘ਤੇ ਪਾਰਕਿੰਗ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।

 

ਅੱਜ ਵੀ ਮੌਜੂਦ ਹੈ ਬੇਰ ਦਾ ਦਰਖੱਤ

ਗੁਰੂਦਵਾਰਾ ਸ੍ਰੀ ਬੇਰ ਸਾਹਿਬ ਸਿੱਖਾਂ ਦੇ ਪਵਿੱਤਰ ਅਸਥਾਨਾਂ ਵਿਚੋਂ ਇਕ ਹੈ। ਇਹ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ ਇਥੇ ਬਿਤਾਏ ਸਨ।  ਸ੍ਰੀ ਬੇਰ ਸਾਹਿਬ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਗੁਰਦੁਆਰਾ ਸ੍ਰੀ ਸੰਤ ਘਾਟ ਹੈ। ਗੁਰੂ ਜੀ ਇਥੇ ਰੋਜ਼ਾਨਾ ਇਸ਼ਨਾਨ ਕਰਨ ਆਉਂਦੇ ਸਨ। ਇੱਕ ਦਿਨ ਉਨ੍ਹਾਂ ਡੁਬਕੀ ਲਾਈ ਤੇ 72 ਘੰਟਿਆਂ ਲਈ ਆਲੋਪ ਹੋ ਗਏ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਅਤੇ ‘ਇਕ ਓਂਕਾਰ ਸਤਨਾਮ ਕਰਤਾਪੁਰਖ’ ਦੇ ਅਸਲ ਮੰਤਰ ਦਾ ਜਾਪ ਕੀਤਾ। ਇਸ ਜਗ੍ਹਾ ਦਾ ਨਾਮ ਗੁਰੂ ਜੀ ਦੁਆਰਾ ਲਗਾਏ ਬੇਰ ਦੇ ਰੁੱਖ ਦੇ ਨਾਮ ਤੇ ਰੱਖਿਆ ਗਿਆ ਹੈ।  ਇਹ ਰੁੱਖ ਅੱਜ ਵੀ ਇਸ ਹੀ ਥਾਂ ‘ਤੇ  ਸੁਰੱਖਿਅਤ ਹੈ।

 

 

 

 

 

 

LEAVE A REPLY