ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਜੁਲਾਈ ਦੇ ਅੰਤ ਤੱਕ ਦਿੱਲੀ ਵਿਚ ਕੋਰੋਨਾ ਮਰੀਜ਼ਾਂ ਦੀ ਸੰਖਿਆ ਸਾਢੇ ਪੰਜ ਲੱਖ ਤੱਕ ਪਹੁੰਚਣ ਵਾਲੇ ਦਾਅਵੇ ਨੂੰ ਖਾਰਜ਼ ਕਰ ਦਿੱਤਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਅਜਿਹੀ ਸਥਿਤੀ ਪੈਦਾ ਨਹੀਂ ਹੋਵੇਗੀ, ਕਿਉਂਕਿ ਅਸੀ ਕੋਰੋਨਾ ਹੋਣ ਤੋਂ ਪਹਿਲਾਂ ਹੀ ਉਸ ਨੂੰ ਰੋਕਣ ਦੀਆਂ ਕੋਸ਼ਿਸ਼ਾ ‘ਤੇ ਜ਼ੋਰ ਦਿੱਤਾ ਹੈ।

ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਆਪਣੇ ਇੰਟਰਵਿਊ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ”ਅਸੀ ਕੋਰੋਨਾ ਨੂੰ ਰੋਕਣ ਲਈ ਰਾਹਤ ਕਾਰਜ਼ਾਂ ਵੱਲ ਕਾਫੀ ਧਿਆਨ ਦਿੱਤਾ ਹੈ। ਇਸ ਲਈ ਸਾਢੇ ਪੰਜ ਲੱਖ ਦੇ ਅੰਕੜੇ ਤੋਂ ਮੈ ਸਹਿਮਤ ਨਹੀਂ ਹਾਂ”। ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਰਾਜਧਾਨੀ ਦਿੱਲੀ ਵਿਚ ਕਮਿਊਨਿਟੀ ਸਪ੍ਰੈਡ ਨਹੀਂ ਹੋਇਆ ਹੈ। ਇਸ(ਕੋਰੋਨਾ) ਤੋਂ ਘਬਰਾਉਣ ਦੇ ਲੋੜ ਨਹੀਂ ਹੈ। ਬੇਕਾਰ ਵਿਚ ਇਸ ਨੂੰ ਤੂਲ ਦਿੱਤਾ ਜਾ ਰਿਹਾ ਹੈ। ਗ੍ਰਹਿ ਮੰਤਰੀ ਨੇ ਦੱਸਿਆ ਕਿ ”ਦਿੱਲੀ ਵਿਚ ਕੋਰੋਨਾ ਟੈਸਟ ਚਾਰ ਗੁਣਾ ਵਧਾਏ ਗਏ ਹਨ ਅਤੇ ਹੁਣ ਰੋਜ਼ਾਨਾ 16 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ”।

ਇੰਟਰਵਿਊ ਦੌਰਾਨ ਜਦੋਂ ਅਮਿਤ ਸ਼ਾਹ ਨੂੰ ਪੁੱਛਿਆ ਗਿਆ ਕਿ ਅਜਿਹਾ ਲੱਗਦਾ ਹੈ ਜਿਵੇਂ ਗ੍ਰਹਿ ਮੰਤਰੀ ਦਾ ਸਾਰਾ ਕੰਮ ਦਿੱਲੀ ਸੰਭਾਲਣਾ ਹੋ ਗਿਆ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਅਜਿਹਾ ਨਹੀਂ ਹੈ, ਅਸੀ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਦਿੱਲੀ ਸਰਕਾਰ ਤੇ ਐਮਸੀਡੀ ਮਿਲ ਕੇ ਕੋਰੋਨਾ ਵਿਰੁੱਧ ਲੜ ਰਹੇ ਹਨ। ਗ੍ਰਹਿ ਮੰਤਰੀ ਅਨੁਸਾਰ ਮਨੀਸ਼ ਸਿਸੋਦੀਆ ਦੇ ਬਿਆਨ ਨਾਲ ਪੈਨਿਕ ਕ੍ਰਿਏਟ ਹੋਇਆ ਅਤੇ ਸ਼ਾਇਦ ਇਸੇ ਕਰਕੇ ਇੰਨੀ ਵੱਡੀ ਗਿਣਤੀ ਵਿਚ ਲੋਕ ਆਪਣੇ ਘਰਾਂ ਲਈ ਵਾਪਸ ਨਿਕਲ ਪਏ ਹਨ। ਉਨ੍ਹਾਂ ਨੇ ਇਹ ਭਰੋਸਾ ਜਤਾਇਆ ਹੈ ਕਿ ਜੁਲਾਈ ਦੇ ਅੰਤ ਤੱਕ ਮਰੀਜ਼ਾਂ ਦੀ ਸੰਖਿਆ ਇੰਨੀ ਨਹੀਂ ਵੱਧੇਗੀ। ਦੱਸ ਦਈਏ ਕਿ ਦਿੱਲੀ ਦੇ ਉੱਪ ਮੁੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਵਿਚ ਜੁਲਾਈ ਦੇ ਅੰਤ ਤੱਕ ਕੋਰੋਨਾ ਮਰੀਜ਼ਾਂ ਦੀ ਸੰਖਿਆ ਸਾਢੇ ਪੰਜ ਲੱਖ ਤੱਕ ਪਹੁੰਚ ਸਕਦੀ ਹੈ।

LEAVE A REPLY