ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜੰਮੂ ਕਸ਼ਮੀਰ ਵਿਚ ਅੱਤਵਾਦ ਫੈਲਾਉਣ ਲਈ ਪਾਕਿਸਤਾਨੀ ਏਜੰਸੀਆਂ ਅਤੇ ਅੱਤਵਾਦੀ ਸੰਗਠਨਾਂ ਵਿਚਾਲੇ ਚੱਲ ਰਹੀ ਸਾਠਗਾਠ ਦੀ ਖਬਰ ਤੋਂ ਹਰ ਕੋਈ ਜਾਣੂ ਹੈ ਪਰ ਪਾਕਿਸਤਾਨ ਇਸ ਗੱਲ ਤੋਂ ਹਮੇਸ਼ਾ ਇਨਕਾਰ ਕਰਦਾ ਆਇਆ ਹੈ। ਉੱਥੇ ਹੀ ਇਸ ਵਾਰ ਇਸ ਸੱਚਾਈ ਨਾਲ ਜੁੜਿਆ ਪੱਕਾ ਦਸਤਾਵੇਜ਼ ਭਾਰਤੀ ਏਜੰਸੀਆਂ ਦੇ ਹੱਥ ਲੱਗਿਆ ਹੈ ਜੋ ਕਿ ਪਾਕਿਸਤਾਨੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ(ਆਈਐਸਆਈ) ਦੇ ਨਾਲ ਅੱਤਵਾਦੀ ਸੰਗਠਨ ਹਿਜ਼ਬੁੱਲ ਮੁਜ਼ਾਹਿਦਿਨ ਦੇ ਮੁੱਖੀ ਸਈਦ ਸਲਾਹੁਦੀਨ ਦੀ ਨੇੜਤਾ ਦੀ ਪੁਸ਼ਟੀ ਕਰਦਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਏਜੰਸੀਆਂ ਦੇ ਹੱਥ ਜਿਹੜਾ ਦਸਤਾਵੇਜ ਲੱਗਿਆ ਹੈ ਉਸ ਵਿਚ ਹਿਜ਼ਬੁੱਲ ਮੁਜ਼ਾਹਿਦੀਨ ਦੇ ਮੁੱਖੀ ਸਈਦ ਸਲਾਹੁਦੀਨ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਅਧਿਕਾਰੀ ਦੱਸਿਆ ਗਿਆ ਹੈ। ਇਹ ਕਾਗਜ਼-ਪੱਤਰ ਉਸੇ ਪਾਕਿਸਤਾਨ ਵਿਚ ਬਿਨਾਂ ਰੋਕ-ਟੋਕ ਘੁੰਮਣ ਦੀ ਆਗਿਆ ਦੇਣ ਲਈ ਬਣਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਡਾਇਰੈਕਟਰ/ ਕਮਾਂਡਿੰਗ ਅਫਸਰ ਵਜਾਹਤ ਅਲੀ ਖਾਨ ਦੇ ਨਾਮ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਪ੍ਰਮਾਣਿਤ ਹੈ ਕਿ ਯੂਸਫ ਸ਼ਾਹ ਜਿਸ ਨੂੰ ਸਈਦ ਸਲਾਹੁਦੀਨ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ, ਇੰਟਰ ਸਰਵਿਸਿਜ਼ ਇੰਟੈਲੀਜੈਂਸ ਨਾਲ ਕੰਮ ਕਰ ਰਿਹਾ ਹੈ। ਉਹ ਇਸ ਵਿਭਾਗ ਦਾ ਅਧਿਕਾਰੀ ਹੈ। ਪੱਤਰ ਵਿਚ ਸਲਾਹੁਦੀਨ ਦੇ ਵਾਹਨ ਦਾ ਵੇਰਵਾ ਸਾਂਝਾ ਕਰਦਾ ਇਕ ਨਿਰਦੇਸ਼ ਹੈ ਕਿ ਉਸ ਨੂੰ ਸੁਰੱਖਿਆ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਬਿਨਾਂ ਵਜ੍ਹਾ ਰੋਕਿਆ ਨਹੀਂ ਜਾਣਾ ਚਾਹੀਦਾ। ਇਹ ਪੱਤਰ 31 ਦਸੰਬਰ 2020 ਤੱਕ ਵੈਦ ਹੈ। ਇਸ ਪੱਤਰ ਵਿਚ ਉਸ ਦੁਆਰਾ ਇਸਤਮਾਲ ਕੀਤੀ ਜਾ ਰਹੀ ਕਾਰ ਦਾ ਵੀ ਜ਼ਿਕਰ ਹੈ।

ਦੱਸ ਦਈਏ ਕਿ ਇਹ ਪੱਤਰ ਅਜਿਹੇ ਸਮੇ ਸਾਹਮਣੇ ਆਇਆ ਹੈ ਜਦੋਂ ਹਿਜ਼ਬੁੱਲ ਮੁਜਾਹਿਦੀਨ ਭਾਰਤ ਵਿਚ ਆਪਣੀ ਪਕੜ ਨੂੰ ਮੁੜ ਤੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤੀ ਸੈਨਾ ਨੇ ਸ਼ਨੀਵਰ ਨੂੰ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ ਕਿ ਅਤੇ ਕਿਹਾ ਸੀ ਕਿ ਉੱਤਰੀ ਕਸ਼ਮੀਰ ਵਿਚ ਹਿਜ਼ਬੁੱਲ ਦੀਆਂ ਗਤੀਵਿਧੀਆਂ ਵੇਖਣ ਨੂੰ ਮਿਲ ਰਹੀਆਂ ਹਨ। ਦੂਜੇ ਪਾਸੇ ਜਦੋਂ ਅਕਤੂਬਰ ਵਿਚ ਐਫਏਟੀਐਫ(FATF) ਦੀ ਮੀਟਿੰਗ ਹੋਵੇਗੀ ਤਾਂ ਪਾਕਿਸਤਾਨ ਨੂੰ ਬੇਨਕਾਬ ਕਰਨ ਵਿਚ ਇਹ ਚਿੱਠੀ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਰਿਪੋਰਟਾਂ ਅਨੁਸਾਰ ਫਰਵਰੀ 2020 ਵਿਚ ਐਫਏਟੀਐਫ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਪ੍ਰਦਾਨ ਕਰਵਾਈ ਜਾ ਰਹੀ ਵਿੱਤੀ ਮਦਦ ਉੱਤੇ ਐਕਸ਼ਨ ਲੈਣ ਲਈ ਚਾਰ ਮਹੀਨਿਆਂ ਦਾ ਸਮਾਂ ਦਿੱਤਾ ਸੀ  ਅਤੇ ਕਿਹਾ ਸੀ ਕਿ ਉਸ ਨੂੰ ਗ੍ਰੇ ਲਿਸਟ ਤੋਂ ਬਾਹਰ ਆਉਣ ਦੇ ਲਈ 27 ਬਿੰਦੂਆਂ ਉੱਤੇ ਕੰਮ ਕਰਨਾ ਹੋਵੇਗਾ ਪਰ ਪਾਕਿਸਤਾਨ ਕੇਵਲ ਇਨ੍ਹਾਂ ਵਿਚੋਂ 14 ਬਿੰਦੂਆਂ ਉੱਤੇ ਕੰਮ ਕਰ ਸਕਿਆ ਹੈ।

LEAVE A REPLY