ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੰਸਦ ਵਿਚ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲਾਂ ਉੱਤੇ ਮਚਿਆਂ ਬਵਾਲ ਹਰ ਦਿਨ ਤੇਜ਼ ਹੁੰਦਾ ਜਾ ਰਿਹਾ ਹੈ, ਜਿੱਥੇ ਇਕ ਪਾਸੇ ਸੜਕਾਂ ਉੱਤੇ ਕਿਸਾਨ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਨ, ਉੱਥੇ ਹੀ ਪਾਰਲੀਮੈਂਟ ਵਿਚ ਵਿਰੋਧੀ ਧੀਰਾਂ ਬਿੱਲਾਂ ਵਿਰੁੱਧ ਡੱਟ ਗਈਆਂ ਹਨ ਅਤੇ ਇਸੇ ਤਹਿਤ ਅੱਜ ਬੁੱਧਵਾਰ ਨੂੰ ਵਿਰੋਧੀ ਪਾਰਟੀਆਂ ਦੇ ਸਾਂਸਦਾਂ ਦੁਆਰਾ ਸੰਸਦ ਕੰਪਲੈਕਸ ਵਿਚ ਹੱਥਾਂ ‘ਚ ਤਖਤੀਆਂ ਫੜ ਕੇ ਪ੍ਰਦਰਸ਼ਨ ਕੀਤਾ ਗਿਆ ਹੈ।

ਵਿਰੋਧੀ ਪਾਰਟੀਆਂ ਦੇ ਸਾਂਸਦਾਂ ਨੇ ਬਿੱਲਾਂ ਖਿਲਾਫ ਆਪਣਾ ਰੋਸ ਜ਼ਾਹਰ ਕਰਦਿਆਂ ਗਾਂਧੀ ਮੂਰਤੀ ਤੋਂ ਲੈ ਕੇ ਅੰਬੇਦਕਰ ਮੂਰਤੀ ਤੱਕ ਮਾਰਚ ਕੱਢਿਆ ਹੈ। ਸਾਰੇ ਸਾਂਸਦਾਂ ਦੇ ਹੱਥਾਂ ਵਿਚ ਕਾਲੇ ਰੰਗ ਦੇ ਪੋਸਟਰ ਅਤੇ ਤਖਤੀਆਂ ਸਨ, ਜਿਨ੍ਹਾਂ ਉੱਤੇ ‘ਕਿਸਾਨ ਬਚਾਓ’, ‘ਮਜ਼ਦੂਰ ਬਚਾਓ’ ਅਤੇ ‘ਲੋਕਤੰਤਰ ਬਚਾਓ’ ਲਿਖਿਆ ਹੋਇਆ ਸੀ। ਇਸ ਪ੍ਰਦਰਸ਼ਨ ਵਿਚ ਕਾਂਗਰਸ ਦੇ ਜੈਰਾਮ ਰਮੇਸ਼, ਗੁਲਾਮ ਨਬੀ ਆਜ਼ਾਦ, ਪ੍ਰਤਾਪ ਸਿੰਘ ਬਾਜਵਾ, ਤ੍ਰਿਣਮੂਲ ਕਾਂਗਰਸ ਦੇ ਡੇਰੇਕ ਆ ਬ੍ਰਾਇਨ ਸਮੇਤ ਕਈ ਵਿਰੋਧੀ ਧੀਰਾਂ ਦੇ ਆਗੂ ਮੌਜੂਦ ਸਨ।

ਉੱਥੇ ਹੀ ਅੱਜ ਸ਼ਾਮ 5 ਵਜੇ ਵਿਰੋਧੀ ਪਾਰਟੀਆਂ ਬਿੱਲਾਂ ਦੇ ਮੁੱਦੇ ਉੱਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੀਆਂ ਅਤੇ ਉਨ੍ਹਾਂ ਦੁਆਰਾ ਬਿੱਲਾਂ ਨੂੰ ਵਾਪਸ ਰਾਜਸਭਾ ਵਿਚ ਭੇਜਣ ਦੀ ਅਪੀਲ, ਰਾਜਸਭਾ ਵਿਚ ਹੋਏ ਹੰਗਾਮੇ ਅਤੇ ਸੰਸਦ ਮੈਂਬਰਾਂ ਦੇ ਮੁਅੱਤਲ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਇੰਨਾ ਹੀ ਨਹੀਂ ਬਲਕਿ ਵਿਰੋਧੀ ਪਾਰਟੀਆਂ ਦੁਆਰਾ ਬਿੱਲਾਂ ਦੇ ਮੁੱਦੇ ਉੱਤੇ ਅੱਗੇ ਦੀ ਰਣਨੀਤੀ ਘੜਨ ਲਈ ਇਕ ਸਾਂਝੀ ਬੈਠਕ ਵੀ ਕੀਤੀ ਜਾਵੇਗੀ। ਦੱਸ ਦਈਏ ਕਿ ਲੋਕਸਭਾ ਅਤੇ ਰਾਜਸਭਾ ਵਿਚ ਪਾਸੇ ਹੋ ਚੁੱਕੇ ਖੇਤੀ ਬਿੱਲਾਂ ਖਿਲਾਫ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਵਿਚ ਕਿਸਾਨਾਂ ਨੇ ਤਾਂ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਵੀ ਕੀਤਾ ਹੋਇਆ ਹੈ।

LEAVE A REPLY