ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਜਿੰਨਾ ਚਾਅ ਅਜ ਸਾਧ-ਸੰਗਤ ਨੂੰ ਚੜਿਆ ਐ… ਸ਼ਾਇਦ ਕੁਝ ਸਾਲ ਪਹਿਲਾਂ ਤਕ ਅਜਿਹਾ ਚਾਅ ਵੇਖਣ ਨੂੰ ਨਹੀਂ ਮਿਲਦਾ ਸੀ, ਕਿਉਂਕਿ ਇਥੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਸੰਗਤ ਨੂੰ 120 ਕਿਲੋਮੀਟਰ ਦਾ ਲੰਬਾ ਸਫਰ ਤੈਅ ਕਰਨਾ ਪੈਂਦਾ ਸੀ। ਵੱਖ-ਵੱਖ ਗੁਰਪੂਰਬ ਦੇ ਸਮਾਗਮਾਂ ਲਈ ਜੋ ਵੀ ਸੰਗਤ ਪਾਕਿਸਤਾਨ ਲਈ ਰਵਾਨਾ ਹੁੰਦੀ ਸੀ ਉਹ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਉਸਦੇ ਆਲੇ-ਦੁਆਲੇ ਦੇ ਗੁਰਧਾਮਾਂ ਦੇ ਦਰਸ਼ਨ ਕਰਕੇ ਹੀ ਵਾਪਸ ਪਰਤ ਆਉਂਦੀ ਸੀ।

ਇਤਿਹਾਸ ਗਵਾਹ ਹੈ ਕਿ ਸਾਲ 2004 ਤਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਰਧਾਲੂਆਂ ਦਾ ਜੋ ਜਥਾ ਪਾਕਿਸਤਾਨ ਜਾਂਦਾ ਸੀ, ਉਸ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਨਾਮ ਸ਼ਾਮਲ ਨਹੀਂ ਹੁੰਦਾ ਸੀ। ਇਹ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਡੇਰਾ ਸੱਚਾ ਸੌਦਾ (ਸ਼ੇਖੁਪੁਰਾ) ਤਕ ਹੀ ਜਾਂਦਾ ਸੀ। ਸਾਲ 2005 ਦੇ ਦੌਰਾਨ ਪਹਿਲੀ ਵਾਰ ਇਸ ਸੂਚੀ ਵਿਚ ਕਰਤਾਰਪੁਰ ਸਾਹਿਬ ਦਾ ਨਾਂ ਸ਼ਾਮਲ ਕੀਤਾ ਗਿਆ। ਉਸਤੋਂ ਬਾਅਦ ਹੀ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧਣ ਲਗੀ ਸੀ।

—ਕੁਝ ਸਿੱਖ ਇਤਿਹਾਸਕਾਰ ਇਹ ਵੀ ਮੰਨਦੇ ਹਨ ਕਿ ਆਜਾਦੀ ਤੋਂ ਬਾਅਦ ਅਕਾਲੀ ਦਲ ਨੇ 1948 ਵਿਚ ਕਰਤਾਰਪੁਰ ਗੁਰਦੁਆਰੇ ਨੂੰ ਭਾਰਤ ਵਿਚ ਸ਼ਾਮਲ ਕਰਨ ਦੀ ਮੰਗ ਰੱਖੀ ਸੀ। ਸਾਲ 1959 ਤਕ ਇਹ ਮੰਗ ਜਾਰੀ ਰਹੀ ਪਰ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਇਸ ਮੰਗ ਨੂੰ ਨਕਾਰ ਦਿਤਾ। ਇਸਤੋਂ ਬਾਅਦ ਸਾਲ 1969 ਵਿਚ ਉਸ ਵੇਲੇ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੇ ਗੁਰੂ ਨਾਨਕ ਦੇਵ ਜੀ ਦੇ 500ਵੇਂ ਗੁਰੂਪੁਰਬ ਤੇ ਕਰਤਾਰਪੁਰ ਨੂੰ ਭਾਰਤ ਵਿਚ ਸ਼ਾਮਲ ਕਰਨ ਲਈ ਜਮੀਨ ਦੀ ਅਦਲਾ-ਬਦਲੀ ਦਾ ਵਾਅਦਾ ਕੀਤਾ ਸੀ। ਵਾਅਦੇ ਦੇ ਮੁਤਾਬਿਕ ਜੇਕਰ ਪਾਕਿਸਤਾਨ ਕਰਤਾਰਪੁਰ ਸਾਹਿਬ ਨੂੰ ਭਾਰਤ ਵਿਚ ਸ਼ਾਮਿਲ ਕਰਨ ਲਈ ਰਾਜੀ ਹੋ ਜਾਂਦਾ ਤਾਂ ਉਸਨੂੰ ਉਨੀ  ਹੀ ਜਮੀਨ ਦੇ ਦਿਤੀ ਜਾਂਦੀ ਪਰ ਇਸ ਤੇ ਵੀ ਸਹਿਮਤੀ ਨਹੀਂ ਬਣ ਸਕੀ। ਸਾਲ 1998 ਵਿਚ ਵੀ ਵਾਜਪੇਈ ਸਰਕਾਰ ਸਮੇਂ ਕੋਰੀਡੋਰ ਖੋਲਣ ਦੀ ਗਲ ਹੋਈ। 1999 ਵਿਚ ਜਦੋਂ ਵਾਜਪਾਈ ਖੁਦ ਬਸ ਰਾਹੀਂ ਸਵਾਰ ਹੋ ਕੇ ਲਾਹੌਰ ਪਹੁੰਚੇ ਸਨ ਤਾਂ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ ਸ਼ਰੀਫ ਨਾਲ ਇਸ ਮੁੱਦੇ ਤੇ ਚਰਚਾ ਹੋਈ ਪਰ ਕਾਰਗਿਲ ਜੰਗ ਦੇ ਕਾਰਨ ਫਿਰ ਕੋਰੀਡੋਰ ਦਾ ਮੁੱਦਾ ਠੰਡੇ ਬਸਤੇ ਵਿਚ ਪੈ ਗਿਆ।

ਇਸ ਵਾਰ ਵੀ ਜਦੋਂ ਸਾਲ 2018 ਵਿਚ ਕੋਰੀਡੋਰ ਨੂੰ ਖੋਲਣ ਸੰਬੰਧੀ ਦੋਵੇਂ ਦੇਸ਼ਾਂ ਵਲੋਂ ਨੀਂਹਪਥਰ ਰਖਿਆ ਗਿਆ ਤਾਂ ਜੰਮੂ-ਕਸ਼ਮੀਰ ਵਿਚ ਧਾਰਾ 370 ਦੇ ਹਟਣ ਤੋਂ ਬਾਅਦ ਜਿਸ ਤਰਾਂ ਦੇ ਹਲਾਤ ਬਣੇ, ਉਸਤੋਂ ਇਹ ਲਗ ਰਿਹਾ ਸੀ ਕਿ ਸ਼ਾਇਦ ਇਹ ਪ੍ਰੋਜਕਟ ਇਕ ਵਾਰ ਫਿਰ ਅਧਵਿਚਾਲੇ ਲਟਕ ਸਕਦਾ ਹੈ ਪ੍ਰੰਤੂ ਦੋਵੇਂ ਹੀ ਦੇਸ਼ਾਂ ਦੀਆਂ ਸਰਕਾਰਾਂ ਨੇ ਕੋਰੀਡੋਰ ਦੀ ਉਸਾਰੀ ਲਈ ਸਿਆਸਤ ਅਤੇ ਸਰਹੱਦਾਂ ਦੇ ਤਨਾਅ ਤੋਂ ਉਪਰ ਉਠ ਕੇ ਕੰਮ ਕੀਤਾ। ਇਹੀ ਕਾਰਨ ਹੈ ਕਿ ਜਦੋਂ ਆਉਣ ਵਾਲੀ 12 ਨਵੰਬਰ ਨੂੰ ਪੂਰੇ ਵਿਸ਼ਵ ਅੰਦਰ ਬਾਬਾ ਨਾਨਕ ਜੀ ਦਾ 550ਵਾਂ ਗੁਰਪੂਰਬ ਮਨਾਇਆ ਜਾਵੇਗਾ ਤਾਂ ਉਸਤੋਂ ਠੀਕ ਪਹਿਲਾਂ ਇਹ ਲਾਂਘਾ ਸਮੁੱਚੀ ਸਿੱਖ ਅਤੇ ਆਮ ਸੰਗਤ ਦੇ ਲਈ ਖੋਲ ਦਿਤਾ ਗਿਆ ਐ।

Story by: Navdeep Chabra

 

LEAVE A REPLY