ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆ ਲੈਣ ਦਾ ਵੱਡਾ ਐਲਾਨ ਕੀਤਾ ਹੈ। ਭਾਵ ਹੁਣ ਐਮਐਸ ਧੋਨੀ ਅੰਤਰਰਾਸ਼ਟਰੀ ਵਨ-ਡੇ ਅਤੇ ਟੀ-20 ਮੈਚਾਂ ਵਿਚ ਖੇਡਦੇ ਵਿਖਾਈ ਨਹੀਂ ਦੇਣਗੇ। ਇਸ ਦੀ ਘੋਸ਼ਣਾ ਉਨ੍ਹਾਂ ਨੇ ਖੁਦ ਬੀਤੀ ਸ਼ਾਮ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ।

ਮਹਿੰਦਰ ਸਿੰਘ ਧੋਨੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਕ ਵੀਡੀਓ ਸਾਂਝੀ ਕੀਤੀ ਜਿਸ ਵਿਚ ਉਨ੍ਹਾਂ ਨੇ ਆਪਣੇ ਕ੍ਰਿਕਟ ਕਰੀਅਰ ਦੇ ਅਹਿਮ ਪਲਾਂ ਨੂੰ ਦਰਸਾਇਆ ਹੈ। ਇਸ ਦੇ ਨਾਲ ਹੀ ਧੋਨੀ ਨੇ ਲਿਖਿਆ ਕਿ ”ਹੁਣ ਤੱਕ ਦੇ ਤੁਹਾਡੇ ਪਿਆਰ ਅਤੇ ਸਹਿਯੋਗ ਲਈ ਧੰਨਵਾਦ। ਸ਼ਾਮ ਸੱਤ ਵੱਜ ਕੇ 29 ਮਿੰਟ ਤੋਂ ਮੈਨੂੰ ਰਿਟਾਇਰ ਸਮਝੋ”। 39 ਸਾਲਾਂ ਐਮਐਸ ਧੋਨੀ ਟੈਸਟ ਕ੍ਰਿਕਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ। ਹਾਲਾਂਕਿ ਧੋਨੀ ਯੂਏਈ ਵਿਚ ਹੋਣ ਜਾ ਰਹੇ ਆਈਪੀਐਲ ਟੂਰਨਾਮੈਂਟ ਵਿਚ ਖੇਡਦੇ ਜਰੂਰ ਦਿਖਾਈ ਦੇਣਗੇ ਪਰ ਧੋਨੀ ਦਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਅਸ ਲੈਣਾ ਉਨ੍ਹਾਂ ਦਾ ਪ੍ਰਸ਼ੰਸਕਾਂ ਲਈ ਝਟਕਾ ਹੈ, ਜਿਹੜੇ ਉਨ੍ਹਾਂ ਦੇ ਜਲਦੀ ਹੀ ਭਾਰਤੀ ਕ੍ਰਿਕਟ ਟੀਮ ਵਿਚ ਵਾਪਸੀ ਦੀ ਉਮੀਦ ਕਰ ਰਹੇ ਸਨ।

ਦੱਸ ਦਈਏ ਕਿ 2004 ਵਿਚ ਐਮਐਸ ਧੋਨੀ ਨੇ ਬੰਗਲਾਦੇਸ਼ ਵਿਰੁੱਧ ਅੰਤਰਰਾਸ਼ਟਰੀ ਕ੍ਰਿਕਟਾ ਦਾ ਆਪਣਾ ਪਹਿਲਾ ਮੈਚ ਖੇਡਿਆ ਸੀ ਅਤੇ ਹੁਣ ਤੱਕ ਉਨ੍ਹਾਂ ਨੇ ਭਾਰਤ ਲਈ 90 ਟੈਸਟ ਮੈਚ, 350 ਵਨ-ਡੇ ਮੈਚ ਅਤੇ 98 ਟੀ-20 ਇੰਟਰਨੈਸ਼ਨਲ ਮੈਚ ਖੇਡੇ ਹਨ। ਐਮਐਸਧੋਨੀ ਨੇ 2019 ਦੇ ਵਿਸ਼ਵ ਕੱਪ ਵਿਚ ਆਪਣਾ ਆਖਰੀ ਸੈਮੀਫਾਇਨਲ ਮੈਚ ਖੇਡਿਆ ਸੀ ਅਤੇ ਉਸ ਤੋਂ ਬਾਅਦ ਉਹ ਕ੍ਰਿਕਟ ਤੋਂ ਦੂਰ ਚੱਲ ਰਹੇ ਸਨ। ਐਮਐਸਧੋਨੀ ਦੀ ਕਪਤਾਨੀ ਵਿਚ ਭਾਰਤ ਨੇ 2007 ਵਿਚ ਟੀ-20 ਵਿਸ਼ਵ ਕੱਪ, 2011 ਵਿਚ ਕ੍ਰਿਕਟ ਵਿਸ਼ਵ ਕੱਪ ਅਤੇ 2013 ਵਿਚ ਚੈਪੀਅਨ ਟ੍ਰਾਫੀ ਜਿੱਤੀ ਸੀ। ਉਨ੍ਹਾਂ ਨੂੰ ਵਿਸ਼ਵ ਦਾ ਸੱਭ ਤੋਂ ਬੇਹਤਰੀਨ ਵਿਕੇਪ ਕਿੱਪਰ ਵੀ ਮੰਨਿਆ ਜਾਂਦਾ ਹੈ।

LEAVE A REPLY