ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਕੇਂਦਰ ਸਰਕਾਰ ਨੇ ਅਨਲਾਕ 1 ਦੇ ਤਹਿਤ ਲਾਕਡਾਊਨ ਨੂੰ ਖੋਲ੍ਹਣ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਤਿੰਨ ਪੜਾਵਾਂ ਵਿਚ ਲਾਕਡਾਊਨ ਨੂੰ ਪੂਰੀ ਤਰ੍ਹਾ ਖੋਲ੍ਹ ਦਿੱਤਾ ਜਾਵੇਗਾ ਪਰ ਉੱਥੇ ਹੀ ਦੂਜੇ ਪਾਸੇ ਪੰਜਾਬ ਵਿਚ ਕੈਪਟਨ ਸਰਕਾਰ ਨੇ 31 ਮਈ ਨੂੰ ਖਤਮ ਹੋ ਰਹੇ ਲਾਕਡਾਊਨ ਦੀ ਮਿਆਦ 4 ਹਫ਼ਤਿਆਂ ਲਈ ਹੋਰ ਵਧਾ ਦਿੱਤੀ ਹੈ। ਸੂਬੇ ਵਿਚ ਹੁਣ 30 ਜੂਨ ਤੱਕ ਲਾਕਡਾਊਨ ਜਾਰੀ ਰਹੇਗਾ। ਹਾਲਾਂਕਿ ਸੀਐਮ ਕੈਪਟਨ ਨੇ ਇਸ ਦੌਰਾਨ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੁੱਝ ਹੋਰ ਢਿੱਲਾਂ ਦੇਣ ਦਾ ਵੀ ਐਲਾਨ ਕੀਤਾ ਹੈ।

ਬੀਤੇ ਦਿਨ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਅਤੇ ਕੋਵਿਡ 19 ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣਾ ਤੋਂ ਬਾਅਦ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਲਾਕਡਾਊਨ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ ਜਿਸ ਦੀ ਸ਼ੁਰੂਆਤ 1 ਜੂਨ ਤੋਂ ਹੋ ਜਾਵੇਗੀ। ਸ਼ਨੀਵਾਰ ਸ਼ਾਮ ਨੂੰ ਸੀਐਮ ਕੈਪਟਨ ਨੇ ਆਪਣੇ ਫੇਸਬੁੱਕ ਲਾਈਵ ਦੌਰਾਨ ਕਿਹਾ ਕਿ ਕੋਵਿਡ ਦਾ ਖਤਰਾ ਅਜੇ ਟਲਿਆ ਨਹੀਂ ਹੈ ਜੇਕਰ ਲੋੜ ਪਈ ਤਾਂ ਉਹ ਪੰਜਾਬੀਆਂ ਦੀਆਂ ਜਿੰਦਗੀਆਂ ਬਚਾਉਣ ਲਈ ਹੋਰ ਸਖ਼ਤ ਕਦਮ ਵੀ ਚੁੱਕਣਗੇ। ਸੀਐਮ ਕੈਪਟਨ ਨੇ ਗਰੀਬਾਂ ਨੂੰ ਮੁਫ਼ਤ ਮਾਸਕ ਵੰਡਣ ਦੇ ਵੀ ਹੁਕਮ ਦਿੱਤੇ ਜਿਸ ਲਈ ਉਨ੍ਹਾਂ ਨੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੋੜਵੰਦਾਂ ਅਤੇ ਗਰੀਬਾਂ ਨੂੰ ਰਾਸ਼ਨ ਦੀਆਂ ਕਿੱਟਾਂ ਦੇ ਨਾਲ ਮਾਸਕ ਵੰਡਣ ਵਾਸਤੇ ਤੁਰੰਤ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ। ਸੀਐਮ ਕੈਪਟਨ ਨੇ ਕਿਹਾ ਭਾਵੇਂ ਕਿ ਰੋਜ਼ਾਨਾਂ ਕੇਸਾਂ ਵਿਚ ਸਮੁੱਚੇ ਤੌਰ ‘ਤੇ ਕਮੀ ਆਈ ਹੈ, ਹੁਣ ਤੱਕ 2158 ਕੇਸ ਪਾਜ਼ੀਟਿਵ ਪਾਏ ਗਏ ਹਨ ਜਿਨ੍ਹਾਂ ਵਿਚੋਂ 1946 ਵਿਅਕਤੀ ਸਿਹਤਯਾਬ ਹੋ ਗਏ ਹਨ ਪਰ ਪਿਛਲੇ ਕੁੱਝ ਦਿਨਾਂ ਵਿਚ ਨਵੇਂ ਕੇਸਾਂ ਦਾ ਸਾਹਮਣੇ ਆਉਣਾ ਚਿੰਤਾ ਦਾ ਵਿਸ਼ਾਂ ਹੈ। ਉਨ੍ਹਾਂ ਨੇ ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਕੀਤੀ ਜਾਂ ਰਹੀ ਮੈਡੀਕਲ ਜਾਂਚ ਤੋਂ ਬਿਨਾ ਵਾਪਸੀ ਕਰਨ ਵਾਲਿਆਂ ਬਾਰੇ ਸੂਚਿਤ ਕਰਨ ਲਈ ਵੀ ਕਿਹਾ ਹੈ।

LEAVE A REPLY