ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਹਰ ਸਮੇਂ ਆਪਣੇ ਗੁਆਂਢੀ ਅਤੇ ਦੁਸ਼ਮਣ ਮੁਲਕਾਂ ਨੂੰ ਯੁੱਧ ਦੀਆਂ ਧਮਕੀਆਂ ਦੇਣ ਵਾਲੇ ਉੱਤਰ ਕੋਰੀਆ ਦੇ ਲੀਡਰ ਕਿਮ ਜੌਗ ਉਨ ਨੇ ਪਰਮਾਣੂ ਹਥਿਆਰਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕਿਮ ਜੌਗ ਉਨ ਨੇ ਕਿਹਾ ਹੈ ਕਿ ਉਸਦੇ ਦੇਸ਼ ਨੇ ਸਖ਼ਤ ਮਿਹਨਤ ਤੋਂ ਹਾਸਲ ਕੀਤੇ ਪਰਮਾਣੂ ਹਥਿਆਰ ਉਸਦੀ ਸੁਰੱਖਿਆ ਦੀ ਠੋਸ ਗਾਰੰਟੀ ਦੇ ਨਾਲ-ਨਾਲ ਭਰੋਸਮੰਦ ਤੇ ਪ੍ਰਭਾਵਸ਼ਾਲੀ ਵੀ ਹਨ ਜੋ ਕਿ ਦੂਜੇ ਕੋਰੀਆਈ ਯੁੱਧ ਨੂੰ ਰੋਕ ਸਕਦੇ ਹਨ। ਕਿਮ ਨੇ ਇਹ ਟਿੱਪਣੀ 1950 ਤੋਂ 1953 ਤੱਕ ਚੱਲੇ ਕੋਰੀਆਈ ਯੁੱਧ ਦੀ ਸਮਾਪਤੀ ਦੀ 67 ਵੀਂ ਵਰ੍ਹੇਗੰਢ ਮੌਕੇ ਕੀਤੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਕਿਮ ਨੇ ਸੋਮਵਾਰ ਨੂੰ ਦਿੱਤੇ ਆਪਣੇ ਭਾਸ਼ਣ ਵਿਚ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਪੂਰੀ ਤਾਕਤ ਨਾਲ ਪਰਮਾਣੂ ਹਥਿਆਰਾਂ ਨਾਲ ਲੈਸ ਬਣਨ ਦੀ ਕੋਸ਼ਿਸ਼ ਕੀਤੀ ਹੈ ਤਾਂਕਿ ਦੂਜਾ ਯੁੱਧ ਰੋਕਿਆ ਜਾ ਸਕੇ ਅਤੇ ਉਸਨੇ ਇਸ ਤਰ੍ਹਾ ਦੀ ਅਜਿਹੀ ਰੋਕਥਾਮ ਸਮਰੱਥਾ ਪੈਦਾ ਕਰ ਲਈ ਹੈ। ਕਿਮ ਨੇ ਅੱਗੇ ਕਿਹਾ ਕਿ ਹੁਣ ਅਸੀ ਇਕ ਅਜਿਹਾ ਦੇਸ਼ ਬਣ ਗਏ ਹਾਂ ਜੋ ਸਾਮਰਾਜਵਾਦੀ ਪ੍ਰਤੀਕਰਮੀਆਂ ਵੱਲੋਂ ਉੱਚ ਤੀਬਰਤਾ ਦੇ ਦਬਾਅ ਅਤੇ ਬਲੈਕਮੇਲਿੰਗ ਵਿਰੁੱਧ ਜ਼ੋਰਦਾਰ ਅਤੇ ਦ੍ਰਿੜਤਾ ਨਾਲ ਆਪਣਾ ਬਚਾਅ ਕਰ ਸਕਦਾ ਹੈ। ਕਿਮ ਜੌਗ ਮੁਤਾਬਕ ”ਇਸ ਧਰਤੀ ਉੱਤੇ ਦੁਬਾਰਾ ਫਿਰ ਕਦੇ ਯੁੱਧ ਨਹੀਂ ਹੋਵੇਗਾ ਅਤੇ ਇਹ ਸਾਡੀ ਰਾਸ਼ਟਰੀ ਸੁਰੱਖਿਆ ਅਤੇ ਭਵਿੱਖ ਦੀ ਸਥਾਈ ਗਾਰੰਟੀ ਹੈ, ਕਿਉਂਕਿ ਸਾਡੇ ਕੋਲ ਮਜਬੂਤ, ਪ੍ਰਭਾਵਸ਼ਾਲੀ ਸਵੈ-ਰੱਖਿਆ ਪ੍ਰਮਾਣੂ ਨਿਰਮਾਣ ਸਮਰੱਥਾ ਹੈ”। ਕਿਮ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਉਸਦੀ ਆਪਣੇ ਪਰਮਾਣੂ ਹਥਿਆਰਾਂ ਨੂੰ ਤਿਆਗਨ ਦਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਉਸਦੇ ਅਮਰੀਕਾ ਨਾਲ ਕੂਟਨੀਤੀ ਨੂੰ ਮੁੜ ਤੋਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਬਹੁਤ ਹੀ ਘੱਟ ਹਨ।

LEAVE A REPLY