ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਅੱਜ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਨਲਾਈਨ ਪ੍ਰੈਸ ਕਾਨਫਰੰਸ ਕਰਕੇ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਲੈ ਕੇ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦਿੱਲੀ ਕੋਲ ਕੋਰੋਨਾ ਨਾਲ ਨਜਿੱਠਣ ਲਈ ਪੂਰਾ ਇੰਤਜ਼ਾਮ ਹੈ ਅਤੇ ਸਰਕਾਰ ਨੇ ਇਕ ਐਪ ਲਾਂਚ ਕੀਤਾ ਹੈ ਜਿਸ ਦੀ ਜਰੀਏ ਪਤਾ ਲਗਾਇਆ ਜਾ ਸਕੇਗਾ ਕਿ ਦਿੱਲੀ ਦੇ ਕਿਹੜੇ ਹਸਪਤਾਲ ਵਿਚ ਕਿੰਨੇ ਬੈੱਡ ਖਾਲ੍ਹੀ ਹਨ ਤਾਂ ਜੋ ਕੋਰੋਨਾ ਦੇ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖਲ ਹੋਣ ਲਈ ਦਰ-ਦਰ ਨਾ ਭਟਕਨਾ ਪਵੇ।

ਸੀਐਮ ਕੇਜਰੀਵਾਲ ਨੇ ਕਿਹਾ ਹੈ ਕਿ ”ਜਿੱਥੇ ਵੀ ਕੋਰੋਨਾ ਪਹੁੰਚਦਾ ਹੈ ਉੱਥੇ ਫੈਲਦਾ ਜ਼ਰੂਰ ਹੈ। ਇਸ ਲਈ ਅਸੀ ਪੂਰੇ ਬੰਦੋਬਸਤ ਕੀਤੇ ਹੋਏ ਹਨ ਪਰ ਦਿੱਕਤ ਇਸ ਗੱਲ ਦੀ ਹੁੰਦੀ ਹੈ ਕਿ ਬੈੱਡ ਅਤੇ ਵੈਂਟੀਲੇਟਰ ਨਾ ਹੋਣ ਕਰਕੇ ਹਾਲਾਤ ਹੋਰ ਖਰਾਬ ਹੋ ਜਾਂਦੇ ਹਨ ਪਰ ਦਿੱਲੀ ਇਸ ਮਾਮਲੇ ਵਿਚ ਕੋਰੋਨਾ ਤੋਂ ਅੱਗੇ ਹੈ ਅਤੇ ਇੱਥੇ ਬੈੱਡਾਂ ਦੀ ਕਮੀ ਨਹੀਂ ਹੈ”। ਉਨ੍ਹਾਂ ਕਿਹਾ ਕਿ ਇਸ ਵੇਲੇ ਲਗਭਗ 4100 ਬੈੱਡ ਖਾਲ੍ਹੀ ਪਿਆ ਹੈ ਪਰ ਲੋਕਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਕਿੱਥੇ ਜਾਣ ਜਿੱਥੇ ਬੈੱਡ, ਵੈਂਟੀਲੇਟਰ ਮਿਲ ਸਕਣਗੇ। ਇਸ ਲਈ ਅਸੀ ਅੱਜ ‘ਦਿੱਲੀ ਕੋਰੋਨਾ’ ਐਪ ਲਾਂਚ ਕਰ ਰਹੇ ਹਾਂ ਜਿਸ ਵਿਚ ਸਾਰੇ ਹਸਪਤਾਲਾਂ ਦੀ ਜਾਣਕਾਰੀ ਹੋਵੇਗੀ ਕਿ ਕਿਸ ਹਸਪਤਾਲ ਵਿਚ ਕਿੰਨੇ ਬੈੱਡ, ਵੈਂਟੀਲੇਟਰ ਖਾਲ੍ਹੀ ਹਨ। ਇਸ ਵਿਚ ਸਾਰੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਦਾ ਡਾਟਾ ਹੋਵੇਗਾ”। ਕੇਜਰੀਵਾਲ ਨੇ ਦੱਸਿਆ ਕਿ ਇਸ ਐਪ ਨੂੰ ਗੂਗਲ ਪਲੇਅ ਸਟੋਰ ਉੱਤੇ ਜਾ ਕੇ ਇੰਸਟਾਲ ਕੀਤਾ ਜਾ ਸਕਦਾ ਹੈ, ਜੇਕਰ ਸਮਾਰਟਫੋਨ ਨਹੀਂ ਹੈ ਤਾਂ 1031 ਉੱਤੇ ਫੋਨ ਕਰਕੇ ਐਸਐਮਐਸ ਰਾਹੀਂ ਪੂਰੀ ਜਾਣਕਾਰੀ ਲਈ ਜਾ ਸਕਦੀ ਹੈ। ਕੇਜਰੀਵਾਲ ਅਨੁਸਾਰ ਦਿੱਲੀ ਵਿਚ ਕੋਰੋਨਾ ਦੇ ਲਗਭਗ 20 ਹਜ਼ਾਰ ਮਾਮਲੇ ਹਨ ਪਰ ਇਨ੍ਹਾਂ ਵਿਚੋਂ ਕੇਵਲ 2600 ਲੋਕ ਹੀ ਹਸਪਤਾਲ ਵਿਚ ਭਰਤੀ ਹਨ ਬਾਕੀਆਂ ਦਾ ਇਲਾਜ਼ ਘਰ ਵਿਚ ਕੀਤਾ ਜਾ ਰਿਹਾ ਹੈ।

LEAVE A REPLY