ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਜਿੱਥੇ ਇਕ ਪਾਸੇ ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਤੋਂ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਕੋਰੋਨਾ ਮਹਾਮਾਰੀ ਨੂੰ ਹੋਰ ਦੋ ਮਰੀਜ਼ਾਂ ਨੇ ਮਾਤ ਦੇ ਦਿੱਤੀ ਹੈ ਅਤੇ ਉਹ ਬਿਲਕੁੱਲ ਠੀਕ ਹੋ ਚੁੱਕੇ ਹਨ।

ਜਾਣਕਾਰੀ ਮੁਤਾਬਕ ਕੋਰੋਨਾ ਪੀੜਤ ਦੋ ਮਰੀਜ਼ਾਂ ਦਾ ਪੂਰਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਦੀ ਜਾਂਚ ਰਿਪੋਰਟ ਦੋ ਵਾਰ ਟੈਸਟ ਕਰਨ ਲਈ ਭੇਜੀ ਗਈ ਸੀ ਅਤੇ ਦੋਣਾਂ ਵਾਰ ਰਿਪੋਰਟ ਨੈਗੇਟਿਵ ਆਈ ਹੈ ਜਿਸ ਤੋਂ ਬਾਅਦ ਦੋਵਾਂ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਤਿੰਨ ਕੋਰੋਨਾ ਮਰੀਜ਼ਾਂ ਦੀ ਇਲਾਜ ਤੋਂ ਬਾਅਦ ਜਾਂਚ ਰਿਪੋਰਟ ਨੈਗੇਟਿਵ ਆਈ ਸੀ ਅਤੇ ਉਹ ਪੂਰੀ ਤਰ੍ਹਾ ਠੀਕ ਹੋ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਚ ਹੁਣ ਤੱਕ 18 ਕੋਰੋਨਾ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 5 ਮਰੀਜ਼ ਕੋਰੋਨਾ ਨੂੰ ਹਰਾ ਕੇ ਬਿਲਕੁੱਲ ਠੀਕ ਹੋ ਗਏ ਹਨ ਜਦਕਿ 12 ਮਰੀਜ਼ਾਂ ਦਾ ਇਲਾਜ ਅਜੇ ਜਾਰੀ ਹੈ। ਚੰਡੀਗੜ੍ਹ ਵਿਚ ਕੋਰੋਨਾ ਮਰੀਜ਼ਾਂ ਦਾ ਇਸ ਤਰ੍ਹਾਂ ਠੀਕ ਹੋਣਾ ਡਾਕਟਰਾਂ ਲਈ ਵੀ ਇਕ ਵੱਡੀ ਕਾਮਯਾਬੀ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ। ਯਾਦ ਰਹੇ ਕਿ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਚੰਡੀਗੜ੍ਹ ਵਿਚ ਪਹਿਲਾਂ ਹੀ ਕਰਫਿਊ ਲਗਾਇਆ ਹੋਇਆ ਹੈ ਅਤੇ ਐਮਰਜੈਂਸੀ ਸੇਵਾਵਾਂ ਨੂੰ ਛੱਡੇ ਕੇ ਸਾਰੀਆਂ ਗੈਰ-ਜ਼ਰੂਰੀ ਸੇਵਾਵਾਂ ਨੂੰ ਬੰਦ ਰੱਖਣ ਅਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੇ ਹੁਕਮ ਦਿੱਤੇ ਗਏ ਹਨ।

LEAVE A REPLY