ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਜਾਣ ਵਾਲਾ ਪਹਿਲਾ ਇੱਕ ਰੋਜਾ ਮੈਚ ਮੰਗਲਵਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਬਸ ਕੁਝ ਹੀ ਸਮੇਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਮੈਚ ਪੂਰੀ ਤਰ੍ਹਾਂ ਰੋਮਾਂਚਕ ਹੋਣ ਵਾਲਾ ਹੈ, ਸੱਮੁਚੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਮੈਚ ‘ਤੇ ਹੈ। ਪਿਛਲੇ ਸਾਲ 2019 ਵਿੱਚ ਆਸਟ੍ਰੇਲੀਆ ਤੋਂ ਆਪਣੇ ਹੀ ਘਰ ਵਿੱਚ ਮਿਲੀ ਹਾਰ ਦਾ ਬਦਲਾ ਲੈਣ ਲਈ ਭਾਰਤੀ ਟੀਮ ਉਤਾਵਲੀ ਦਿਸ ਰਹੀ ਹੈ। ਦੱਸ ਦਈਏ ਪਿਛਲੇ ਦਿਨੀਂ ਭਾਰਤ ਸ਼੍ਰੀਲੰਕਾ ਖਿਲਾਫ਼ ਟੀ-20 ਮੈਚਾਂ ਦੀ ਲੜੀ 3-0 ਨਾਲ ਜਿੱਤੀ ਹੈ, ਇਸ ਲਈ ਲਗਾਤਾਰ ਜਿੱਤਾਂ ਦਰਜ ਕਰਨ ਦੀ ਇੱਛੁਕ ਭਾਰਤੀ ਟੀਮ ਆਸਟ੍ਰੇਲੀਆ ਟੀਮ ਨੂੰ ਹਰ ਹਾਲ ‘ਚ ਪਿੱਛੇ ਛੱਡਣ ਦੇ ਇਰਾਦੇ ਨਾਲ ਪੂਰੀ ਤਿਆਰੀ ਨਾਲ ਮੈਦਾਨ ‘ਚ ਉਤਰਣ ਵਾਲੀ ਹੈ।

ਜੇਕਰ ਗੱਲ ਭਾਰਤੀ ਟੀਮ ਦੀ ਕੀਤੀ ਜਾਵੇ ਤਾਂ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸਾਰੇ ਖਿਡਾਰੀ ਉਤਸ਼ਾਹਿਤ ਹਨ। ਭਾਰਤ ਦੇ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਬੇਸ਼ਕ ਪਿਛਲੇ ਦਿਨੀਂ ਹੋਏ ਸ਼੍ਰੀਲੰਕਾ ਖਿਲਾਫ਼ ਮੈਚਾਂ ਵਿੱਚ ਨਹੀ ਖੇਡੇ ਪਰ ਇਸ ਵਾਰ ਕੰਗਾਰੂਆਂ ਨੂੰ ਪਿੱਛੇ ਛੱਡਣ ਲਈ ਰੋਹਿਤ ਸ਼ਰਮਾ ਚੰਗੀ ਤਿਆਰੀ ‘ਚ ਨਜ਼ਰ ਆ ਰਹੇ ਹਨ। ਰੋਹਿਤ ਸ਼ਰਮਾ ਦੇ ਨਾਲ ਸ਼ਿਖਰ ਧਵਨ ਜਾਂ ਕੇਐਲ਼ ਰਾਹੁਲ ਦੋਨਾ ਵਿੱਚੋਂ ਇੱਕ ਨੰਬਰ ਦੋ ਦੇ ਕ੍ਰਮ ‘ਤੇ ਖੇਡੇਣਗੇ ਪਰ ਨੰਬਰ ਤਿੰਨ ‘ਤੇ ਇਹਨਾਂ ਦੋਵਾਂ ਵਿਚੋਂ ਇੱਕ ਖੇਡੇਗਾ ਜਾਂ ਨਹੀ ਇਹ ਤਾਂ ਸਮਾਂ ਹੀ ਦੱਸੇਗਾ। ਬਹਿਰਹਾਲ ਗੇਂਦਬਾਜਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਚੰਗੀ ਲੈਅ ਵਿੱਚ ਚੱਲ ਰਹੇ ਹਨ ਅਤੇ ਇਹਨਾਂ ਦੋਵਾਂ ਤੇਜ਼ ਗੇਦਬਾਜਾਂ ਦਾ ਕੰਗਾਰੂ ਬੱਲੇਬਾਜਾਂ ‘ਤੇ ਭਾਰੀ ਪੈਣਾ ਤਾਂ ਤੈਅ ਹੈ।

ਦੂਜੇ ਪਾਸੇ ਕੰਗਾਰੂ ਟੀਮ ਦੇ ਕਪਤਾਨ ਨੇ ਭਾਰਤ ਦੌਰੇ ‘ਤੇ ਆਉਣ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਭਾਰਤੀ ਟੀਮ ਖਿਲਾਫ਼ ਇਨ੍ਹਾਂ ਮੈਚਾਂ ਸੰਬੰਧੀ ਅਸਥਿਰਤਾ ਜਾਹਿਰ ਕੀਤੀ ਸੀ, ਜਿਸ ਕਾਰਨ ਕੰਗਾਰੂ ਟੀਮ ਦੇ ਡਰੇ ਹੋਣ ਦੇ ਸੰਕੇਤ ਭਾਰਤੀ ਟੀਮ ਨੂੰ ਇੱਕ ਹੌਸਲਾਂ ਦੇ ਰਹੇ ਹਨ। ਦੱਸ ਦਈਏ ਕਿ ਆਸਟ੍ਰੇਲੀਆ ਟੀਮ ਦੇ ਕਪਤਾਨ ਐਰੋਨ ਫਿੰਚ ਹੁਣ ਤੱਕ ਭਾਰਤ ਖਿਲਾਫ਼ 26ਵਨਡੇ ਮੈਚ ਖੇਡ ਚੁੱਕੇ ਹਨ, ਜਿਨ੍ਹਾਂ ਵਿੱਚ 41.96 ਦੀ ਔਸਤ ਨਾਲ 1049 ਦੌੜਾਂ ਬਣਾਇਆ ਹਨ। ਲਗਭਗ 119 ਇੱਕ ਰੋਜਾ ਮੈਚ ਖੇਡ ਚੁੱਕੇ ਕਪਤਾਨ ਫਿੰਚ ਨੇ ਆਪਣਾ ਪਹਿਲਾਂ ਇੱਕ ਰੋਜਾ ਮੈਚ ਜਨਵਰੀ 2013 ਨੂੰ ਸ਼੍ਰੀਲੰਕਾ ਦੇ ਖਿਲਾਫ਼ ਖੇਡਿਆ ਸੀ।

ਜੇਕਰ ਆਸਟ੍ਰੇਲੀਆ ਅਤੇ ਭਾਰਤ ਦੇ ਆਪਸੀ ਮੈਚਾਂ ਦਾ ਇਤਿਹਾਸ ਖੰਗਾਲਿਆ ਜਾਵੇ ਤਾਂ ਆਸਟ੍ਰੇਲੀਆ ਖਿਲਾਫ਼ ਭਾਰਤ ਨੇ ਹੁਣ ਤੱਕ 137 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ 50 ਮੈਚਾਂ ਵਿੱਚ ਭਾਰਤ ਨੇ ਜਿੱਤ ਦਰਜ ਕੀਤੀ ਹੈ ਅਤੇ ਆਸਟ੍ਰੇਲੀਆ ਨੇ 77 ਦੇ ਕਰੀਬ ਮੈਚ ਜਿੱਤੇ ਹਨ। ਮੰਗਲਵਾਰ ਨੂੰ ਹੋਣ ਵਾਲੇ ਇਸ ਮੈਚ ਵਿੱਚ ਦੋਵੇਂ ਟੀਮਾਂ ਆਪੋ-ਆਪਣੀ ਜਿੱਤ ਦਾ ਦਾਆਵਾ ਕਰ ਰਹੀਆਂ ਹਨ। ਵੇਖਣਾ ਇਹ ਹੋਵੇਗਾ ਕਿ, ਕੌਣ ਇਸ ਮੈਚ ‘ਤੇ ਜਿੱਤ ਹਾਸਿਲ ਕਰਦਾ ਹੈ।ਨਾਲ ਹੀ ਦੱਸ ਦਈਏ ਮੈਚ ਬਹੁਤ ਰੋਮਾਂਚਕ ਰਹਿਣ ਵਾਲਾ ਹੈ।

 

LEAVE A REPLY