ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਅਨਲੌਕ-2 ਦੀ ਮਿਆਦ ਅੱਜ 31 ਜੁਲਾਈ, ਸ਼ੁੱਕਰਵਾਰ ਨੂੰ ਖਤਮ ਹੋਣ ਜਾ ਰਹੀ ਹੈ,ਜਿਸ ਨੂੰ ਵੇਖਦੇ ਹੋਏ ਹੁਣ ਕੇਂਦਰ ਸਰਕਾਰ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਅਨਲੌਕ-3 ਲਈ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ, ਜੋ ਕਿ ਭਲਕੇ 1 ਅਗਸਤ ਤੋਂ ਲਾਗੂ ਹੋ ਜਾਣਗੀਆਂ। ਪੰਜਾਬ ਸਰਕਾਰ ਨੇ ਸੂਬੇ ਵਿਚ ਵੱਧ ਰਹੇ ਕੋਰੋਨਾ ਦੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਤ ਵੇਲੇ ਕਰਫਿਊ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

ਦਰਅਸਲ ਕੇਂਦਰ ਸਰਕਾਰ ਵੱਲੋਂ ਜਾਰੀ ਅਨਲੌਕ-3 ਦੀਆਂ ਗਾਈਡਲਾਈਨਜ਼ ਵਿਚ ਨਾਈਟ ਕਰਫਿਊ ਨੂੰ ਹਟਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਨਾਈਟ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗਿਆ ਰਹੇਗਾ। ਭਾਵ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਹਰ ਤਰ੍ਹਾਂ ਦੀ ਆਵਾਜਾਈ ਉੱਤੇ ਰੋਕ ਰਹੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲੋਕਾਂ ਨੂੰ ਢਿੱਲਾਂ ਦਿੱਤੀਆਂ ਹਨ ਅਤੇ ਸੂਬੇ ਵਿਚ 5 ਅਗਸਤ ਤੋਂ ਜਿੰਮ ਅਤੇ ਯੋਗਾ ਸੈਂਟਰਾਂ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਉੱਥੇ ਹੀ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ 31 ਅਗਸਤ, 2020 ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।ਇਸ ਤੋਂ ਇਲਾਵਾ ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਐਡੀਟੋਰਿਅਮ ਅਤੇ ਅਸੈਂਬਲੀ ਹਾਲ ਵੀ ਬੰਦ ਰਹਿਣਗੇ। ਸਮਾਜਿਕ, ਰਾਜਨੀਤਿਕ, ਖੇਡ, ਮਨੋਰੰਜਨ, ਵਿਦਿਅਕ, ਸੱਭਿਆਚਾਰਕ, ਧਾਰਮਿਕ ਕਾਰਜ ਅਤੇ ਹੋਰ ਵੱਡੇ ਪ੍ਰੋਗਰਾਮਾਂ ਉੱਤੇ ਰੋਕ ਜਾਰੀ ਰਹੇਗੀ, ਜਦਕਿ ਵਿਆਹਾਂ ਦੇ ਵਿਚ 30 ਵਿਅਕਤੀਆਂ ਦੇ ਇੱਕਠ ਅਤੇ ਅੰਤਿਮ ਸਸਕਾਰ ਮੌਕੇ ਪਹਿਲਾਂ ਦੀ ਤਰ੍ਹਾਂ ਹੀ 20 ਲੋਕਾਂ ਦੇ ਸ਼ਾਮਲ ਹੋਣ ਨੂੰ ਹੀ ਛੋਟ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਤ ਨੂੰ ਦੁਕਾਨਾਂ 8 ਵਜੇ ਤੱਕ ਹੀ ਖੋਲ੍ਹਣ ਦੀ ਆਗਿਆ ਹੋਵੇਗੀ, ਜਦਕਿ ਐਤਵਾਰ ਨੂੰ ਕੇਵਲ ਜਰੂਰੀ(Essential) ਸਮਾਨ ਦੀਆਂ ਦੁਕਾਨਾਂ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਅਤੇ ਮਾਲ ਬੰਦ ਰਹਿਣਗੇ।

 

LEAVE A REPLY