ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਖੇਤੀਬਾੜੀ ਆਰਡੀਨੈਂਸ ਬੀਤੇ ਦਿਨ ਲੋਕ ਸਭਾ ਵਿਚ ਪੇਸ਼ ਕੀਤੇ ਜਾ ਚੁੱਕੇ ਹਨ ਪਰ ਉੱਥੇ ਹੀ ਕਿਸਾਨਾਂ ਦੁਆਰਾ ਇਨ੍ਹਾਂ ਆਰਡੀਨੈਂਸਾਂ ਵਿਰੁੱਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪੰਜਾਬ ਵਿਚ ਹਰ ਰੋਜ਼ ਕਿਸਾਨ ਧਰਨੇ ਉੱਤੇ ਧਰਨੇ ਦੇ ਰਹੇ ਹਨ ਅਤੇ ਅੱਜ ਮੰਗਲਵਾਰ ਨੂੰ ਵੀ ਕਿਸਾਨ ਜੱਥੇਬੰਦੀਆਂ ਨੇ ਆਰਡੀਨੈਂਸਾਂ ਦੇ ਵਿਰੋਧ ਵਿਚ ਦਪਹਿਰ 12 ਵਜੇ ਤੋਂ 2 ਵਜੇ ਤੱਕ ਵੱਖ-ਵੱਖ ਥਾਵਾਂ ਉੱਤੇ ਨੈਸ਼ਨਲ ਹਾਈਵੇ ਜਾਮ ਕੀਤੇ ਹਨ।

ਇਹ ਤਸਵੀਰ ਗੁਰਦਾਸਪੁਰ ਦੀ ਹੈ ਜਿੱਥੇ ਕਿਸਾਨਾਂ ਨੇ ਬਟਾਲਾ ਦੇ ਨਜ਼ਦੀਕ ਅੰਮ੍ਰਿਤਸਰ-ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਜਾਮ ਕੀਤਾ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਇਹ ਆਰਡੀਨੈਂਸ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਪ੍ਰਦਰਸ਼ਨ ਇਵੇਂ ਹੀ ਜਾਰੀ ਰਹਿਣਗੇ। ਕਿਸਾਨਾਂ ਨੇ ਆਰੋਪ ਲਗਾਇਆ ਕਿ ਇਹ ਆਰਡੀਨੈਂਸ ਸਿੱਧੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਲਿਆਏ ਗਏ ਹਨ।

ਇਹ ਤਸਵੀਰ ਰਾਜਪੁਰਾ ਦੀ ਹੈ ਜਿੱਥੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਕਿਸਾਨਾਂ ਨੇ ਰਾਜਪੁਰ ਸਰਹੰਦ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ ਗਈ।

ਹੁਸ਼ਿਆਰਪੁਰ ਵਿਚ ਵੀ ਆਰਡੀਨੈਂਸਾਂ ਵਿਰੁੱਧ ਕਿਸਾਨ ਜੱਥੇਬੰਦੀਆਂ ਨੇ ਟਾਂਡਾ ਦਸੂਹਾ ਮਾਰਗ ਨੂੰ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਹੈ। ਇਸ ਪ੍ਰਦਰਸ਼ਨ ਵਿਚ ਕਿਸਾਨਾਂ ਨੂੰ ਆੜਤੀ ਯੂਨੀਅਨ ਦਾ ਵੀ ਸਾਥ ਮਿਲਿਆ ਹੈ।

ਕਪੂਰਥਲਾ ਵਿਚ ਵੀ ਕਿਸਾਨ ਯੂਨੀਅਨ ਦੁਆਰਾ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਉੱਤੇ ਪੈਂਦੇ ਬਿਆਸ ਪੁੱਲ ‘ਤੇ ਆਰਡੀਨੈਂਸਾਂ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਇਹ ਬਿੱਲ ਸਾਡੇ ਲਈ ਘਾਤਕ ਸਾਬਤ ਹੋਣਗੇ ਜਿਸ ਕਰਕੇ ਇਨ੍ਹਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਮੁਹਾਲੀ ਦੇ ਖਰੜ ਵਿਚ ਕਿਸਾਨਾਂ ਨੇ ਸੜਕ ਨੂੰ ਜਾਮ ਕੀਤਾ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਇਨ੍ਹਾਂ ਆਰਡੀਨੈਂਸਾਂ ਨੂੰ ਸਰਕਾਰ ਲਾਗੂ ਕਰਦੀ ਹੈ ਤਾਂ ਉਸ ਦਾ ਲਗਾਤਾਰ ਪੁਰਜੋਰ ਵਿਰੋਧ ਕੀਤਾ ਜਾਵੇਗਾ।

ਫਿਰੋਜ਼ਪੁਰ ਵਿਚ ਵੀ ਕਿਸਾਨ ਜੱਥੇਬੰਦੀਆਂ ਨੇ ਆਰਡੀਨੈਂਸਾਂ ਵਿਰੁੱਧ ਮੋਗਾ ਰੋਡ ਉੱਤੇ ਧਰਨਾ ਲਗਾਇਆ ਅਤੇ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ।

LEAVE A REPLY