ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਬਿੱਲ ਕਿਸਾਨਾਂ ਦੇ ਭਾਰੀ ਵਿਰੋਧ ਵਿਚਾਲੇ ਲੋਕਸਭਾ ਵਿਚ ਪਾਸ ਕੀਤੇ ਜਾ ਚੁੱਕੇ ਹਨ ਅਤੇ ਭਲਕੇ ਇਨ੍ਹਾਂ ਬਿੱਲਾਂ ਨੂੰ ਰਾਜਸਭਾ ਵਿਚ ਲਿਆਂਦਾ ਜਾਵੇਗਾ। ਉੱਥੇ ਹੀ ਦੂਜੇ ਪਾਸੇ ਪੰਜਾਬ ਵਿਚ ਇਨ੍ਹਾਂ ਬਿਲਾ ਵਿਰੁੱਧ ਕਿਸਾਨਾਂ ਦੇ ਰੋਸ ਮੁਜ਼ਹਾਰੇ ਲਗਾਤਾਰ ਜਾਰੀ ਹਨ ਅਤੇ ਇਸੇ ਤਹਿਤ ਗੁਰਦਾਸਪੁਰ ਵਿਚ ਕਿਸਾਨਾਂ ਵੱਲੋਂ ਬਿੱਲ ਪਾਸ ਹੋਣ ਦੇ ਵਿਰੋਧ ਵਿਚ 23 ਸਤੰਬਰ ਨੂੰ ਹਰਚੋਵਾਲ ਚੌਂਕ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।

ਦਰਅਸਲ ਕਸਬਾ ਹਰਚੋਵਾਲ ਵਿਚ ਕਿਸਾਨ ਮੋਰਚਾ ਔਲਖ ਦੁਆਰਾ ਗੁਰਦੁਆਰਾ ਬੋਹੜੀ ਸਾਹਿਬ ਵਿਖੇ ਇਕ ਮੀਟਿੰਗ ਕੀਤੀ ਗਈ ਸੀ ਜਿਸ ਵਿਚ ਵੱਡੀ ਗਿਣਤੀ ‘ਚ ਕਿਸਾਨ ਸ਼ਾਮਲ ਹੋਏ। ਮੀਟਿੰਗ ਵਿਚ ਕੇਂਦਰ ਸਰਕਾਰ ਵਿਰੁੱਧ ਧਰਨੇ ਮੁਜ਼ਹਾਰੇ ਕਰਨ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਹੈ। ਇਸ ਮੌਕੇ ਕਿਸਾਨ ਏਕਤ ਗਰੁੱਪ ਦੇ ਮੁੱਖੀ ਸੋਨੂ ਔਲਖ ਨੇ ਮੀਡੀਆ ਨਾਲ ਗੱਲਬਾਤ ਜਰੀਏ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਆਰਡੀਨੈਂਸ ਬਿਲ ਪਾਸ ਕਰਕੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਦੇ ਵਿਰੋਧ ਵਿਚ 23 ਸਤੰਬਰ ਦਿਨ ਬੁੱਧਵਾਰ ਨੂੰ ਗੁਰਦਾਸਪੁਰ ਹੁਸ਼ਿਆਰਪੁਰ ਸੜਕ ਦੇ ਹਰਚੋਵਾਲ ਚੌਕ ਨੂੰ ਜਾਮ ਕਰਕੇ ਕਾਲੇ ਝੰਡਿਆਂ ਨਾਲ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਅਤੇ ਪਾਸ ਕੀਤੇ ਗਏ 3 ਬਿੱਲਾਂ ਨੂੰ ਰੱਦ ਕਰਵਾਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਬਿਲਾਂ ਤੋਂ ਇਲਾਵਾ ਸ਼੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਅਤੇ ਹਰਚੋਵਾਲ ਤੋਂ ਕੀੜੀ ਸ਼ੁਗਰ ਮਿਲ ਵਾਲੀ ਸੜਕ ਦੀ ਮੁਰੰਮਤ ਅਤੇ ਕੀੜੀ ਸ਼ੁਗਰ ਮਿਲ ਵੱਲੋਂ ਦੇਣੀ ਰਹਿੰਦੀ ਕਿਸਾਨਾਂ ਦੀ ਪੇਮੈਂਟ ਦੇ ਮੁੱਦੇ ਨੂੰ ਧਰਨੇ ਦੌਰਾਨ ਚੁੱਕਿਆ ਜਾਵੇਗਾ।

LEAVE A REPLY