ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੰਸਦ ਵਿਚ ਪਾਸ ਹੋਏ ਖੇਤੀ ਬਿੱਲਾਂ ਦਾ ਵਿਰੋਧ ਪੰਜਾਬ ਵਿਚ ਲਗਾਤਾਰ ਜਾਰੀ ਹੈ। ਕਿਸਾਨਾਂ ਦੁਆਰਾ ਪੰਜਾਬ ਵਿਚ ਹਰ ਦਿਨ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉੱਥੇ ਹੀ ਅੱਜ ਵੀਰਵਾਰ ਤੋਂ ਕਿਸਾਨਾਂ ਨੇ ਅਗਲੇ 48 ਘੰਟੇ ਲਈ ਕਿਸਾਨ ਬਿੱਲਾਂ ਦੇ ਰੋਸ ਵਿਚ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਹੈ ਜਿਸ ਤਹਿਤ ਵੱਖ-ਵੱਖ ਥਾਵਾਂ ਉੱਤੇ ਕਿਸਾਨਾਂ ਦੁਆਰਾ ਰੇਲਵੇ ਟਰੈਕ ਉੱਤੇ ਧਰਨੇ ਦਿੱਤੇ ਜਾ ਰਹੇ ਹਨ।

ਕਿਸਾਨਾਂ ਲਗਾਤਾਰ ਖੇਤੀ ਨਾਲ ਜੁੜੇ ਤਿੰਨ ਪਾਸ ਕੀਤੇ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਸੂਬੇ ਦੀਆਂ ਕਿਸਾਨ ਜੱਥੇਬੰਦੀਆਂ ਨੇ ਬਿੱਲਾਂ ਖਿਲਾਫ ਆਪਣਾ ਰੋਸ ਜ਼ਾਹਰ ਕਰਨ ਲਈ ਅੱਜ 24 ਸਤੰਬਰ ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 25 ਸਤੰਬਰ ਨੂੰ ਕਿਸਾਨਾਂ ਦੁਆਰਾ ਪੰਜਾਬ ਬੰਦ ਵੀ ਬੁਲਾਇਆ ਗਿਆ ਹੈ। ਉੱਥੇ ਹੀ ਰੇਲ ਰੋਕੋ ਅੰਦੋਲਨ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਏਕਤਾ ਵੱਲੋਂ ਅੱਜ ਨਾਭਾ ਵਿਚ ਰੇਲਵੇ ਟ੍ਰੈਕ ਉੱਤੇ ਧਰਨਾ ਲਗਾ ਦਿੱਤਾ ਗਿਆ ਹੈ। ਇਹ ਧਰਨਾ ਲਗਾਤਾਰ ਅਗਲੇ ਦੋ ਦਿਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੰਗਰੂਰ ਦੇ ਛਾਜਲੀ ਪਿੰਡ ਵਿਚ ਵੀ ਕਿਸਾਨ ਰੇਲਵੇ ਟਰੈਕ ਉੱਤੇ ਇੱਕਠੇ ਹੋਣੇ ਸ਼ੁਰੂ ਹੋ ਗਏ ਹਨ ਅਤੇ ਉਹ ਅਗਲੇ 48 ਘੰਟੇ ਰੇਲਵੇ ਟਰੈਕ ਨੂੰ ਜਾਮ ਰੱਖਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਦੁਆਰਾ ਇਨ੍ਹਾਂ ਤਿੰਨ ਖੇਤੀ ਬਿੱਲਾਂ ਨੂੰ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹਿਣਗੇ।

ਦੱਸ ਦਈਏ ਕਿ ਰਾਜਸਭਾ ਅਤੇ ਲੋਕਸਭਾ ਵਿਚ ਵਿਰੋਧੀ ਪਾਰਟੀਆਂ ਦੇ ਭਾਰੀ ਹੰਗਾਮੇ ਵਿਚਾਲੇ ਖੇਤੀ ਨਾਲ ਜੁੜੇ ਤਿੰਨ ਬਿੱਲ ਪਾਸ ਹੋ ਚੁੱਕੇ ਹਨ। ਕਿਸਾਨ ਉਤਪਾਦਨ ਵਪਾਰ ਅਤੇ ਵਣਜ(ਤਰੱਕੀ ਅਤੇ ਸਹੂਲਤ) ਬਿੱਲ 2020, ਕਿਸਾਨੀ (ਸਸ਼ਕਤੀਕਰਣ ਅਤੇ ਸੁਰੱਖਿਆ) ਸਮਝੌਤਾ, ਕੀਮਤ ਅਸ਼ੋਰੈਂਸ ਅਤੇ ਫਾਰਮ ਸੇਵਾਵਾਂ ਬਿੱਲ 2020 ਅਤੇ ਜ਼ਰੂਰੀ ਵਸਤੂਆਂ (ਸੋਧ) ਬਿੱਲ 2020 ਨੂੰ ਸੰਸਦ ਦੇ ਦੋਵੇਂ ਸਦਨਾਂ ਦੁਆਰਾ ਮੰਜੂਰੀ ਦੇ ਦਿੱਤੀ ਗਈ ਹੈ।

LEAVE A REPLY